ਪੀਪੀ ਵਰਮਾ
ਪੰਚਕੂਲਾ, 6 ਜੂਨ
ਚਾਰ ਦਿਨ ਪਹਿਲਾਂ ਜਨਮੇ ਬੱਚੇ ਦਾ ਇਥੇ ਕਰੋਨਾ ਟੈਸਟ ਕੀਤਾ ਗਿਆ ਹੈ। ਇਸ ਬੱਚੇ ਨੂੰ ਕੋਈ ਵਿਅਕਤੀ ਪੰਚਕੂਲਾ ਦੇ ਸ਼ਿਸ਼ੂ ਗ੍ਰਹਿ ਦੇ ਪੰਘੂੜੇ ਵਿੱਚ ਛੱਡ ਗਿਆ ਸੀ। ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਦੇ ਜਨਰਲ ਸੈਕਟਰੀ ਕ੍ਰਿਸ਼ਨ ਢੁੱਲ ਨੇ ਕਿਹਾ ਕਿ ਬੱਚੇ ਨੂੰ ਸ਼ਿਸ਼ੂ ਗ੍ਰਹਿ ਵਿੱਚ ਇਕਾਂਤਵਾਸ ਵਿੱਚ ਨਰਸ ਦੀ ਦੇਖਰੇਖ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਭਾਜਪਾ ਨੇਤਾ ਸੰਜੇ ਅਹੂਜਾ ਅਤੇ ਵਿਕਾਸ ਪਾਲ ਤੋਂ ਇਲਾਵਾ ਸ਼ਿਸ਼ੂ ਗ੍ਰਹਿ ਦਾ ਸਟਾਫ਼ ਵੀ ਹਾਜ਼ਰ ਸੀ। ਸਟਾਫ਼ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਬੱਚੇ ਦਾ ਕਰੋਨਾ ਟੈਸਟ ਲਿਆ ਹੈ ਜਿਸ ਦੀ ਰਿਪੋਰਟ ਜਲਦੀ ਆ ਜਾਵੇਗੀ। ਹਰਿਆਣਾ ਦਾ ਇਹ ਪਹਿਲਾ ਨਵਜੰਮਿਆ ਬੱਚਾ ਹੈ ਜਿਸ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਗਿਆਨ ਸਾਗਰ ਹਸਪਤਾਲ ਵਿੱਚੋਂ ਅੱਜ ਤਿੰਨ ਕਰੋਨਾ ਪੀੜਤਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਤੰਦਰੁਸਤ ਹੋਏ ਮਰੀਜ਼ਾਂ ਵਿੱਚ ਮੁਹਾਲੀ ਜ਼ਿਲ੍ਹੇ ਦਾ ਰਣਬੀਰ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸੰਤੋਸ਼ ਅਤੇ ਰੂਪਨਗਰ ਜ਼ਿਲ੍ਹੇ ਦਾ ਪ੍ਰਵੇਸ਼ ਸ਼ਾਮਿਲ ਹਨ।
ਅੰਬਾਲਾ, (ਨਿੱਜੀ ਪੱਤਰ ਪ੍ਰੇਰਕ): ਅੱਜ ਫਿਰ ਇਕੱਠੇ 4 ਕੇਸ ਪਾਜ਼ੇਟਿਵ ਮਿਲੇ ਹਨ। ਸ਼ਹਿਰ ਦੇ ਜੇਲ੍ਹ ਲੈਂਡ ਸੈਕਟਰ-1 ਦਾ ਬਜ਼ੁਰਗ ਜੋ ਪਾਰਸ ਹਸਪਤਾਲ ਪੰਚਕੂਲਾ ਵਿਚ ਦਾਖਲ ਹੈ, ਪਾਜ਼ੇਟਿਵ ਆਇਆ ਹੈ। ਦੋ ਮਾਮਲੇ ਅੰਬਾਲਾ ਕੈਂਟ ਨਾਲ ਅਤੇ ਇਕ ਉਗਾਲਾ ਪਿੰਡ ਨਾਲ ਸਬੰਧਿਤ ਹੈ। ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਉਗਾਲਾ ਪਿੰਡ ਵਾਲਾ 38 ਸਾਲਾ ਨੌਜਵਾਨ, ਅੰਬਾਲਾ ਕੈਂਟ ਦੇ ਦੋ ਮਾਮਲਿਆਂ ਵਿਚੋਂ ਇਕ ਹਾਊਸਿੰਗ ਦਾ ਅਤੇ ਦੂਜਾ ਵਸ਼ਿਸ਼ਠ ਨਗਰ ਦਾ ਹੈ।