ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
ਚੰਡੀਗੜ੍ਹ ਵਿੱਚ ਕਰੋਨਾ ਮ੍ਰਿਤਕਾਂ ਦੀ ਕੁੱਲ ਗਿਣਤੀ 1076 ਹੈ। ਇਸ ਗੱਲ ਦਾ ਪ੍ਰਗਟਾਵਾ ਯੂਟੀ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਕੋਲ ਚੰਡੀਗੜ੍ਹ ’ਚ ਕਰੋਨਾ ਮ੍ਰਿਤਕਾਂ ਦਾ ਅੰਕੜਾ 820 ਸੀ ਪਰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਜਦੋਂ ਸ਼ਮਸ਼ਾਨਘਾਟ ਦੇ ਅੰਕੜਿਆ ਦਾ ਮੁਲਾਂਕਨ ਕੀਤਾ ਤਾਂ 359 ਮੌਤਾਂ ਅਜਿਹੀਆਂ ਸਨ ਜੋ ਕਿ ਕਰੋਨਾ ਨਾਲ ਹੋਈਆਂ ਸਨ ਪਰ ਯੂਟੀ ਪ੍ਰਸ਼ਾਸਨ ਕੋਲ ਇਹ ਮੌਤਾਂ ਦਰਜ ਨਹੀਂ ਸਨ। ਇਨ੍ਹਾਂ ’ਚੋਂ ਯੁੂਟੀ ਨਾਲ ਸਬੰਧਤ 256 ਮੌਤਾਂ ਸ਼ਾਮਲ ਹਨ। ਇਸ ਤਰ੍ਹਾਂ 256 ਮੌਤਾਂ ਨੂੰ ਮਿਲਾ ਕੇ ਸ਼ਹਿਰ ਵਿੱਚ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 1076 ’ਤੇ ਪਹੁੰਚ ਗਿਆ ਹੈ।
29 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਿੱਤੇ: ਸਕੱਤਰ (ਸਿਹਤ) ਯਸ਼ਪਾਲ ਗਰਗ ਨੇ ਦੱਸਿਆ ਕਿ ਕਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਚੰਡੀਗੜ੍ਹ ਵਿੱਚ 138 ਲੋਕਾਂ ਨੇ ਅਪਲਾਈ ਕੀਤਾ ਹੈ। ਇਨ੍ਹਾਂ ਵਿੱਚੋਂ 29 ਲੋਕਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਗਈ ਹੈ। ਇਸ ਤਰ੍ਹਾਂ 29 ਜਣਿਆਂ ਨੂੰ ਕੁੱਲ 14 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਹਨ।