ਪੱਤਰ ਪੇ੍ਰਕ
ਚੰਡੀਗੜ੍ਹ, 6 ਅਗਸਤ
ਸਿਟੀ ਬਿਊਟੀਫੁੱਲ ਵਿੱਚ ਅੱਜ ਕਰੋਨਾ ਨਾਲ 57 ਹੋਰ ਮਰੀਜ਼ ਸਾਹਮਣੇ ਆਏ ਹਨ ਜਿਸ ਦੌਰਾਨ ਕੁੱਲ ਅੰਕੜਾ ਵਧ ਕੇ 1327 ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ 62 ਮਰੀਜ਼ਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਠੀਕ ਹੋਣ ਉਪਰੰਤ ਡਿਸਚਾਰਜ ਵੀ ਕੀਤਾ ਗਿਆ ਹੈ। ਯੂ.ਟੀ. ਦੇ ਸਿਹਤ ਵਿਭਾਗ ਮੁਤਾਬਕ ਅੱਜ ਆਏ ਮਰੀਜ਼ਾਂ ਵਿੱਚ ਸੈਕਟਰ 8, 19, 22, 24, 26, 30, 32, 34, 38, 40, 41, 43, 44, 45, 46, 52, 63, ਬਾਪੂ ਧਾਮ ਕਾਲੋਨੀ, ਮਲੋਆ, ਧਨਾਸ, ਡੱਡੂਮਾਜਰਾ, ਰਾਮਦਰਬਾਰ, ਮਨੀਮਾਜਰਾ, ਬਹਿਲਾਣਾ, ਬੁੜੈਲ ਦੇ ਵਸਨੀਕ ਹਨ। ਉਕਤ ਕੁੱਲ 57 ਵਿਅਕਤੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1327 ਹੋ ਗਈ ਹੈ। ਹੁਣ ਤੱਕ ਡਿਸਚਾਰਜ 777 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਅਤੇ 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1119 ’ਤੇ ਪਹੁੰਚ ਗਈ ਹੈ। ਪਿਛਲੇ 24 ਦਿਨਾਂ ਵਿੱਚ 726 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਅੱਜ 36 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ ਜਦੋਂਕਿ ਹੁਣ ਤੱਕ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਜ਼ਿਲ੍ਹੇ ਵਿੱਚ ਅੱਜ 54 ਨਵੇਂ ਕੇਸ ਸਾਹਮਣੇ ਆਏ ਹਨ। ਕਰੋਨਾ ਕਾਰਨ ਆਈਟੀਬੀਪੀ ਦੇ ਬਹੁਤ ਸਾਰੇ ਜਵਾਨ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਨਵੇਂ ਕੇਸਾਂ ਵਿੱਚ 20 ਜਵਾਨ ਆਈਟੀਬੀਪੀ ਦੇ ਜਵਾਨ ਸ਼ਾਮਲ ਹਨ।
ਅੰਬਾਲਾ ਵਿਚ ਕਰੋਨਾ ਨੇ ਲਈ ਬਜ਼ੁਰਗ ਦੀ ਜਾਨ; 77 ਨਵੇਂ ਕੇਸ
ਅੰਬਾਲਾ (ਨਿੱਜੀ ਪੱਤਰ ਪੇ੍ਰਕ): ਅੰਬਾਲਾ ਸ਼ਹਿਰ ਨਿਵਾਸੀ 78 ਸਾਲਾ ਬਜ਼ੁਰਗ ਦੀ ਕਰੋਨਾ ਨੇ ਜਾਨ ਲੈ ਲਈ। ਇਹ ਵਿਅਕਤੀ ਸ਼ੂਗਰ ਅਤੇ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਇਸ ਦਾ ਇਲਾਜ ਅਲਕੈਮਿਸਟ ਹਸਪਤਾਲ ਪੰਚਕੂਲਾ ਵਿਚ ਚੱਲ ਰਿਹਾ ਸੀ।ਅੰਬਾਲਾ ਜ਼ਿਲ੍ਹੇ ਵਿਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 77 ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਕਰੋਨਾ ਨੂੰ ਹਰਾਉਣ ਵਾਲੇ 32 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਐਕਟਿਵ ਮਰੀਜ਼ 346 ਰਹਿ ਗਏ ਹਨ। ਅੱਜ ਜੋ ਮਰੀਜ਼ ਪਾਜ਼ੇਟਿਵ ਆਏ ਹਨ ਉਨ੍ਹਾਂ ਵਿਚ ਅੰਬਾਲਾ ਸ਼ਹਿਰ ਦੇ 16, ਛਾਉਣੀ ਦੇ 9, ਮੁਲਾਣਾ ਖੇਤਰ ਦੇ 35, ਨਰਾਇਣਗੜ੍ਹ ਦੇ 3, ਬਰਾੜਾ ਦੇ 3, ਸ਼ਾਹਜ਼ਾਦਪੁਰ ਦੇ 5 ਅਤੇ ਚੌੜਮਸਤਪੁਰ ਖੇਤਰ ਦੇ 10 ਮਰੀਜ਼ ਸ਼ਾਮਲ ਹਨ।
ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੂੰ ਕਰੋਨਾ, ਭਾਜਪਾ ਨੇ ਦਫ਼ਤਰ ਕੀਤਾ ਬੰਦ
ਚੰਡੀਗੜ੍ਹ (ਟਨਸ): ਨਗਰ ਨਿਗਮ ਚੰਡੀਗੜ੍ਹ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਹਰਦੀਪ ਸਿੰਘ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਸ਼ੁਕਰਵਾਰ ਨੂੰ ਲਏ ਜਾਣਗੇ। ਹਰਦੀਪ ਸਿੰਘ ਨੇ ਲੰਘੇ ਦਿਨ ਸ੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਰੱਖਣ ਦੀ ਖੁਸ਼ੀ ਵਿੱਚ ਸੈਕਟਰ-33 ਵਿੱਚ ਭਾਜਪਾ ਦਫ਼ਤਰ ਵਿੱਚ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ ਸੀ। ਜਿਸ ਕਰਕੇ ਚੰਡੀਗੜ੍ਹ ਭਾਜਪਾ ਵੱਲੋਂ ਦਫ਼ਤਰ ਬੰਦ ਕਰ ਦਿੱਤਾ ਹੈ। ਇਸ ਸਬੰਧੀ ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਪਾਜ਼ੇਟਿਵ ਪਾਏ ਜਾਣ ਦੀ ਜਾਣਕਾਰੀ ਮਿਲਦੇ ਹੀ ਦਫ਼ਤਰ ਬੰਦ ਕਰ ਦਿੱਤਾ ਹੈ।