ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਜ਼ਦੀਕ ਆਉਣ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਉਸੇ ਦੌਰਾਨ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਵੱਲੋਂ ਸ਼ਹਿਰ ’ਚ ਘਰ-ਘਰ ਪਹੁੰਚ ਕਰਕੇ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਵੱਡੇ ਪੱਧਰ ’ਤੇ ਲੋਕਾਂ ਦੀ ਹਮਾਇਤ ਮਿਲ ਰਹੀ ਹੈ। ਇਸ ਦੇ ਨਾਲ ਹੀ ਲੋਕ ਭਾਜਪਾ ਅਤੇ ਕਾਂਗਰਸ ਤੋਂ ਬਦਲ ਦੀ ਆਸ ਰੱਖਦੇ ਦਿਖਾਈ ਦੇ ਰਹੇ ਹਨ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਿਗਮ ਚੋਣਾਂ ਤੋਂ ਪਹਿਲਾਂ ਘਰ-ਘਰ ਪਹੁੰਚ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਪਰਕ ਮੁਹਿੰਮ ਦੌਰਾਨ ਵੱਖ-ਵੱਖ ਇਲਾਕਿਆਂ ਦੇ ਕੰਮਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨੂੰ ਨਿਗਮ ਚੋਣਾਂ ’ਚ ਮੁੱਖ ਮੁੱਦਿਆਂ ਵੱਜੋਂ ਉਭਾਰਿਆ ਜਾਵੇਗਾ।