ਆਤਿਸ਼ ਗੁਪਤਾ
ਚੰਡੀਗੜ੍ਹ, 14 ਨਵੰਬਰ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਨਜ਼ਦੀਕ ਆਉਣ ’ਤੇ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 9 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਇਕ-ਦੂਜੇ ਦੇ ਆਗੂਆਂ ਨੂੰ ਜੋੜਨ-ਤੋੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪ੍ਰਦੀਪ ਛਾਬੜਾ ਵੱਲੋਂ ਕਾਂਗਰਸ ਦੇ ਵੱਡੇ ਧੜੇ ਵਿੱਚ ਸੰਨ੍ਹ ਲਗਾਈ ਹੈ। ਜਿਨ੍ਹਾਂ ਕਾਂਗਰਸ ਦੇ ਵੱਡੀ ਗਿਣਤੀ ’ਚ ਆਗੂਆਂ ਨੂੰ ‘ਆਪ’ ’ਚ ਸ਼ਾਮਲ ਕਰਵਾ ਦਿੱਤਾ ਹੈ।
ਇਸੇ ਦੌਰਾਨ ਮਹਿਲਾ ਕਾਂਗਰਸ ਦੀ ਆਗੂ ਅਨਿਤਾ ਸ਼ਰਮਾ ਅਤੇ ਕਮਲੇਸ਼ ਚੌਧਰੀ ਨੇ ਕੁਝ ਦਿਨਾਂ ਬਾਅਦ ਹੀ ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ।ਅਨਿਤਾ ਸ਼ਰਮਾ ਤੇ ਕਮਲੇਸ਼ ਚੌਧਰੀ ਦਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਪਾਰਟੀ ਵਿੱਚ ਸਵਾਗਤ ਕੀਤਾ। ਸੁਭਾਸ਼ ਚਾਵਲਾ ਨੇ ਕਿਹਾ ਕਿ ਦੋਵੇਂ ਆਗੂ ਕੁਝ ਕਾਰਨਾਂ ਕਰਕੇ ਪਾਰਟੀ ਤੋਂ ਨਾਰਾਜ਼ ਹੋ ਗਈਆ ਸੀ। ਪਰ ਨਰਾਜ਼ਗੀਆਂ ਦੁਰ ਹੋਣ ਤੋਂ ਬਾਅਦ ਉਨ੍ਹਾਂ ਨੇ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨਿਗਮ ਚੋਣਾਂ ਲਈ ਤਿਆਰੀਆਂ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ। ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗੀ।
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੋਵਾਂ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਨਿਤਾ ਸ਼ਰਮਾ ਤੇ ਕਮਲੇਸ਼ ਚੌਧਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਵਰਗਾ ਅਨੁਸ਼ਾਸਨ ਅਤੇ ਵਿਚਾਰਧਾਰਾ ਕਿਸੇ ਪਾਰਟੀ ਕੋਲ ਨਹੀਂ ਹੈ। ਦੂਬੇ ਨੇ ਕਿਹਾ ਕਿ ਦੋਵੇਂ ਆਗੂ ਪਾਰਟੀ ਦੇ ਪੁਰਾਣੇ ਵਰਕਰ ਹਨ ਜੋ ਪਹਿਲਾਂ ਵਾਂਗ ਪਾਰਟੀ ਲਈ ਕੰਮ ਕਰਨਗੀਆਂ। ਅਨਿਤਾ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਅਨੁਸ਼ਾਸਨ ਅਤੇ ਸੰਗਠਨ ਨਾਮ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਔਰਤਾਂ ਨੂੰ ਬਣਦਾ ਸਨਮਾਨ ਦਿੱਤਾ ਜਾਂਦਾ ਹੈ ਅਤੇ ਕੰਮ ਕਰਨ ਲਈ ਪੁਰੀ ਤਰ੍ਹਾਂ ਆਜ਼ਾਦੀ ਦਿੱਤੀ ਗਈ ਹੈ। ਉਹ ਨਿਗਮ ਚੋਣਾ ’ਚ ਪਾਰਟੀ ਲਈ ਵੱਧ ਚੜ ਕੇ ਹਿੱਸਾ ਲਵੇਗੀ।
ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਸਕੱਤਰ ‘ਆਪ’ ਵਿੱਚ ਸ਼ਾਮਲ
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡੇ ਝਟਕੇ ਲੱਗ ਰਹੇ ਹਨ। ਅੱਜ ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਸਕੱਤਰ ਰਾਖੀ ਸ਼ਰਮਾ ਆਪਣੇ ਸਾਥੀਆਂ ਸਣੇ ‘ਆਪ’ ’ਚ ਸ਼ਾਮਲ ਹੋ ਗਈ। ਜਿਨ੍ਹਾਂ ਦਾ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ ਨੇ ਸਵਾਗਤ ਕੀਤਾ। ਇਸ ਮੌਕੇ ‘ਆਪ’ ਨੇਤਾ ਹਰਮੋਹਨ ਧਵਨ, ਪ੍ਰੇਮ ਗਰਗ ਅਤੇ ਚੰਦਰਮੁਖੀ ਸ਼ਰਮਾ ਵੀ ਹਾਜ਼ਰ ਸਨ। ਰਾਖੀ ਸ਼ਰਮਾ ਦੇ ਨਾਲ ਪੁਨੀਤ ਜਿੰਦਲ, ਨਿਲਮ ਸੇਵਕ, ਸੁਨੀਤਾ, ਤ੍ਰਿਪਤਾ, ਰਮਾ ਸ਼ਰਮਾ ਅਤੇ ਅਨਿਤਾ ਨੇ ਵੀ ‘ਆਪ’ ਦਾ ਪੱਲਾ ਫੜ ਲਿਆ ਹੈ। ਸ੍ਰੀ ਛਾਬੜਾ ਨੇ ਕਿਹਾ ਕਿ ਰਾਖੀ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਲਈ ਕੰਮ ਕਰ ਰਹੀ ਹਨ। ਜਿਨ੍ਹਾਂ ਦੇ ‘ਆਪ’ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।