ਆਤਿਸ਼ ਗੁਪਤਾ
ਚੰਡੀਗੜ੍ਹ, 13 ਦਸੰਬਰ
ਚੰਡੀਗੜ੍ਹ ਕਾਂਗਰਸ ਨੇ ਰਾਜ ਚੋਣ ਆਯੋਗ ਚੰਡੀਗੜ੍ਹ ਨੂੰ ਪੱਤਰ ਭੇਜ ਕੇ ਆਗਾਮੀ ਚੰਡੀਗੜ੍ਹ ਨਗਰ ਨਿਗਮ ਚੋਣਾਂ 2021 ਵਿੱਚ ਵੀਵੀਪੈਟ ਦੀ ਵਰਤੋਂ ਨਾ ਕਰਨ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਕਾਂਗਰਸ ਪਾਰਟੀ ਨੇ ਚੋਣਾਂ ਦੇ 13 ਦਿਨ ਪਹਿਲਾਂ ਹੀ ਪੂਰੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਣਾਏ ਗਏ ਸਟਰੌਂਗ ਰੂਮਾਂ ਵਿੱਚ ਈਵੀਐੱਮ ਰੱਖਣ ’ਤੇ ਵੀ ਇਤਰਾਜ਼ ਜ਼ਾਹਰ ਕੀਤਾ ਅਤੇ ਇਸ ਪੂਰੇ ਮਾਮਲੇ ਨੂੰ ਸ਼ੱਕੀ ਕਰਾਰ ਦਿੱਤਾ। ਕਾਂਗਰਸ ਦੇ ਵਫ਼ਦ ਨੇ ਰਾਜ ਚੋਣ ਕਮਿਸ਼ਨਰ ਦੇ ਓਐੱਸਡੀ ਕੇ ਭੰਡਾਰੀ ਨਾਲ ਵੀ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਵੋਟਰਾਂ ਦੀ ਮੰਗ ਦੇ ਬਾਵਜੂਦ ਈਵੀਐੱਮ ਨਾਲ ਵੀਵੀਪੈਟ ਦੀ ਵਰਤੋਂ ਨਾ ਕਰਨ ਦੀ ਸ਼ਿਕਾਇਤ ਕੀਤੀ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਈਵੀਐੱਮ ਸੀਯੂ ਦੇ ਨਾਲ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਤੋਂ ਇਨਕਾਰ ਅਤੇ ਨਾਲ ਹੀ 24 ਦਸੰਬਰ 2021 ਨੂੰ ਪੈਣ ਵਾਲੀਆਂ ਵੋਟਾਂ ਲਈ ਪੁਰਾਣੇ ਐਮ-2 ਈਵੀਐੱਮ ਦੀ ਪ੍ਰਸਤਾਵਿਤ ਵਰਤੋਂ ਨਾਲ ਚੰਡੀਗੜ੍ਹ ਦੇ ਪੜ੍ਹੇ-ਲਿਖੇ ਵੋਟਰਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਕਾਂਗਰਸ ਨੂੰ ਵੀ ਇਸ ਤਰ੍ਹਾਂ ਦੇ ਕਦਮਾਂ ’ਤੇ ਸਖਤ ਇਤਰਾਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਆਗਾਮੀ ਚੋਣਾਂ ’ਚ ਨਵੀਨਤਮ ਐੱਮ-3 ਈਵੀਐੱਮ ਨੂੰ ਇਨਬਿਲਟ ਜਾਂ ਅਲੱਗ ਵੀਵੀਪੈਟ ਨਾਲ ਇਸਤਮਾਲ ਕੀਤਾ ਜਾਣਾ ਚਾਹੀਦਾ ਹੈ। ਚੰਡੀਗੜ੍ਹ ਦੇ ਸਾਰੇ 35 ਵਾਰਡਾਂ ਨਾਲ ਸਬੰਧਤ ਸਾਰੇ ਈਵੀਐੱਮ ਨੂੰ ਸਿਰਫ ਇਕ ਹੀ ਸੈਂਟਰਲ ਸਟਰੌਂਗ ਰੂਮ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਕਿ ਈਵੀਐਮ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸ਼ਹਿਰ ਵਿੱਚ ਵੱਖਰੀਆਂ ਹੋਈਆਂ ਮਸ਼ੀਨਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਜਾ ਸਕਦੀ ਹੈ।
ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਨੇ ਸੋਮਵਾਰ ਨੂੰ ਰਾਜ ਚੋਣ ਕਮਿਸ਼ਨਰ ਦੇ ਓਐੱਸਡੀ, ਸ੍ਰੀ ਕੇ ਭੰਡਾਰੀ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਵੋਟਰਾਂ ਦੀ ਮੰਗ ਦੇ ਬਾਵਜੂਦ ਈਵੀਐੱਮ ਨਾਲ ਵੀਵੀਪੈਟ ਦੀ ਵਰਤੋਂ ਨਾ ਕਰਨ ਦੀ ਸ਼ਿਕਾਇਤ ਕੀਤੀ ਅਤੇ ਅਜਿਹਾ ਕੀਤੇ ਜਾਣ ਦਾ ਕਾਰਨ ਪੁੱਛਿਆ। ਦੂਜੇ ਪਾਸੇ ਰਾਜ ਚੋਣ ਕਮੇਟੀ ਇਹ ਸਾਫ ਨਹੀਂ ਕਰ ਸਕੀ ਕਿ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੀਵੀਪੈਟ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ।