ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 26 ਅਕਤੂਬਰ
ਮੁਹਾਲੀ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਲਈ ਸ਼ਹਿਰ ਦੇ ਪੁਰਾਣੇ 50 ਵਾਰਡਾਂ ਦੀ ਭੰਨ-ਤੋੜ ਕਰਕੇ ਨਵੇ ਸਿਰਿਓਂ ਵਾਰਡਬੰਦੀ ਦਾ ਨਵਾਂ ਨਕਸ਼ਾ ਸੋਮਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਬੀਤੀ 23 ਅਕਤੂਬਰ ਨੂੰ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ੇ ਨੂੰ ਆਪਸੀ ਸਹਿਮਤੀ ਨਾਲ ਪਾਸ ਕੀਤਾ ਗਿਆ ਸੀ। ਅੱਜ ਵਾਰਡਬੰਦੀ ਦਾ ਨਕਸ਼ਾ ਨਗਰ ਨਿਗਮ ਦੇ ਕਾਨਫਰੰਸ ਹਾਲ ਵਿੱਚ ਆਮ ਲੋਕਾਂ ਦੇ ਦੇਖਣ ਲਈ ਲਗਾ ਦਿੱਤਾ ਗਿਆ ਹੈ। ਲੋਕਾਂ ਨੂੰ ਨਕਸ਼ਾ ਦੇਣ ਅਤੇ ਇਤਰਾਜ਼ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
ਨਿਗਮ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਆਮ ਲੋਕਾਂ ਦੇ ਦੇਖਣ ਲਈ ਜਨਤਕ ਕਰ ਦਿੱਤਾ ਗਿਆ ਹੈ ਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਵੀਂ ਵਾਰਡਬੰਦੀ ਬਾਰੇ ਕੋਈ ਇਤਰਾਜ਼ ਦਰਜ ਕਰਵਾਉਣਾ ਹੈ ਤਾਂ ਉਹ ਐਤਵਾਰ ਸ਼ਾਮ 5 ਵਜੇ ਤੱਕ ਨਿਗਮ ਦਫ਼ਤਰ ਵਿੱਚ ਆਪਣਾ ਲਿਖਤੀ ਇਤਰਾਜ਼ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਾਰਡਬੰਦੀ ਸਮੂਹ ਇਤਰਾਜ਼ਾਂ ਨੂੰ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਮਗਰੋਂ ਵਾਰਡਬੰਦੀ ਦੀ ਫਾਈਨਲ ਪ੍ਰਕਾਸ਼ਨਾਂ ਜਾਰੀ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਅੱਜ ਜਿਵੇਂ ਹੀ ਸਵੇਰੇ ਨਗਰ ਨਿਗਮ ਦੇ ਦਫ਼ਤਰ ਵਿੱਚ ਨਵੀਂ ਵਾਰਡਬੰਦੀ ਦਾ ਪ੍ਰਸਤਾਵਿਤ ਨਕਸ਼ਾ ਰੱਖੇ ਜਾਣ ਦੀ ਜਾਣਕਾਰੀ ਜਨਤਕ ਹੋਈ ਤਾਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ, ਸਾਬਕਾ ਕੌਂਸਲਰ ਅਤੇ ਆਮ ਸ਼ਹਿਰੀ ਨਕਸ਼ਾ ਦੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਵਾਰਡਬੰਦੀ ਦਾ ਨਕਸ਼ਾ ਤਿਆਰ ਕਰਨ ਵੇਲੇ ਲਗਭਗ ਸਾਰੇ ਹੀ ਵਾਰਡਾਂ ਨਾਲ ਕਾਫ਼ੀ ਜ਼ਿਆਦਾ ਛੇੜਛਾੜ ਕੀਤੀ ਗਈ ਹੈ। ਜਿਸ ਕਾਰਨ ਪੁਰਾਣੇ ਸਾਰੇ ਹੀ ਵਾਰਡਾਂ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਗਿਆ ਹੈ। ਕਾਂਗਰਸ ਦੇ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਦਾ ਕਹਿਣਾ ਹੈ ਕਿ ਨਕਸ਼ੇ ਵਿੱਚ ਮੁਹਾਲੀ ਦੇ ਫੇਜ਼ਾਂ ਅਤੇ ਸੈਕਟਰਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਇਹ ਨਕਸ਼ਾ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਨਵੇਂ ਨਕਸ਼ੇ ਵਿੱਚ ਸ਼ਹਿਰ ਦੇ ਸਾਰੇ ਫੇਜ਼ਾਂ ਅਤੇ ਸੈਕਟਰਾਂ ਦਾ ਵੇਰਵਾ ਦਰਜ ਕੀਤਾ ਜਾਣਾ ਚਾਹੀਦਾ ਹੈ।