ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈਕੇ ਸਿਟੀ ਫੌਰਮ ਆਫ਼ ਵੈਲਫੇਅਰ ਆਰਗੇਨਾਈਜੇਸ਼ਨਜ਼ (ਸੀਐੱਫਓਆਰਡਬਲਿਊ) ਦੀ ਪਹਿਲਕਦਮੀ ’ਤੇ ਸ਼ਹਿਰ ਦੀਆਂ ਵੱਖ ਵੱਖ ਵੈਲਫੇਅਰ ਐਸੋਸੀਏਸ਼ਨਾਂ ਦਾ ਸੰਮੇਲਨ ਕੀਤਾ ਗਿਆ। ਇਥੋਂ ਦੇ ਸੈਕਟਰ 44 ਦੇ ਕਮਿਊਨਿਟੀ ਸੈਂਟਰ ਵਿੱਚ ਕੀਤੇ ਗਏ ਇਸ ਸੰਮੇਲਨ ਦੌਰਾਨ ਨਗਰ ਨਿਗਮ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰਣਨੀਤੀ ਬਣਾਉਣ ਲਈ ਚਰਚਾ ਕੀਤੀ ਗਈ। ਕਨਵੀਨਰ ਵਿਨੋਦ ਵਸ਼ਿਸ਼ਟ ਨੇ ਦੱਸਿਆ ਕਿ ਸੰਮੇਲਨ ਦੌਰਾਨ ਇਸ ਗੱਲ ’ਤੇ ਸਹਿਮਤ ਬਣੀ ਕਿ ਪਿਛਲੇ ਇੱਕ ਦਸ਼ਕ ਦੌਰਾਨ ਚੰਡੀਗੜ੍ਹ ਵਿੱਚ ਨਾਗਰਿਕ ਸਹੂਲਤਾਂ ਦੀ ਸਥਿਤੀ ਵਿਗੜੀ ਹੈ। ਜ਼ਿਆਦਾਤਰ ਕੌਂਸਲਰ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ। ਇਸ ਮਗਰੋਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਉਮੀਦਵਾਰ ਐਲਾਨਣ ’ਤੇ ਵੀ ਚਰਚਾ ਕੀਤੀ ਗਈ। ਸੰਮੇਲਨ ਦੌਰਾਨ ਫਾਸਵੇਕ ਦੇ ਮੁੱਖ ਬੁਲਾਰੇ ਪੰਕਜ ਗੁਪਤਾ ਨੇ ਸ਼ਹਿਰ ਵਿੱਚ ਸਾਫ਼-ਸੁੱਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਟੀ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਕਰਾਫ਼ੇਡ ਦੇ ਸਰਪ੍ਰਸਤ ਮੇਜਰ ਡੀਪੀ ਸਿੰਘ ਨੇ ਕਿਹਾ ਕਿ ਸਾਰੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਇੱਕ ਵੱਡੇ ਸਮੂਹ ਵਜੋਂ ਕੰਮ ਕਰਨਗੀਆਂ ਜੋ ਕਿ ਸਥਾਨਕ ਰਾਜਨੀਤਕ ਪਾਰਟੀਆਂ ਲਈ ਵੀ ਚਿਤਾਵਨੀ ਦੀ ਘੰਟੀ ਹੈ।
ਚੰਡੀਗੜ੍ਹ ਵਾਸੀਆਂ ਨੂੰ ਮੂਕ ਦਰਸ਼ਕ ਨਾ ਬਣਨ ਦੀ ਅਪੀਲ
ਸੀਐੱਚਬੀਆਰਡਬਲਿਊਐਫ ਦੇ ਚੇਅਰਮੈਨ ਪ੍ਰੋ. ਨਿਰਮਲ ਦੱਤ ਨੇ ਕਿਹਾ ਕਿ ਬਿਓਰੋਕ੍ਰੇਸੀ, ਨਗਰ ਨਿਗਮ ਅਤੇ ਆਰਡਬਲਿਊਏ ਸ਼ਹਿਰ ਦੇ ਤਿੰਨ ਸ਼ਕਤੀ ਕੇਂਦਰ ਹਨ। ਜੇਕਰ ਚੰਡੀਗੜ੍ਹ ਵਾਸੀ ਮੂਕ ਦਰਸ਼ਕ ਬਣਨ ਦੀ ਬਜਾਏ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਦਿਖਾਉਣ ਤਾਂ ਆਰਡਬਲਿਊਏ ਤਬਦੀਲੀ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਜਿਤਾਇਆ ਜਾਵੇਗਾ।