ਮੁਕੇਸ਼ ਕੁਮਾਰ
ਚੰਡੀਗੜ੍ਹ, 25 ਅਗਸਤ
ਚੰਡੀਗੜ੍ਹ ਨਗਰ ਨਿਗਮ ਦੀ ਨਵ-ਨਿਯੁਕਤ ਕਮਿਸ਼ਨਰ ਅਨਿੰਦਿਤਾ ਮਿਤਰਾ ਵੱਲੋਂ ਮਨੀਮਾਜਰਾ ਦੇ ਪਿਪਲੀਵਾਲਾ ਟਾਊਨ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਨਿਗਮ ਦੇ ਜਨ ਸਿਹਤ ਵਿੰਗ ਦੇ ਇੰਜਨੀਰੀਆਂ ਦੀ ਟੀਮ ਵੱਲੋਂ ਅੱਜ ਮਨੀਮਾਜਰਾ ਵਿਚ ਪੈਂਦੇ ਪਿਪਲੀਵਾਲਾ ਟਾਊਨ ਵਿੱਚ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਨਿਗਮ ਅਨੁਸਾਰ ਇਹ ਨਮੂਨੇ ਸਹੀ ਪਾਏ ਗਏ।
ਟੀਮ ਨੇ ਪਿਪਲੀਵਾਲਾ ਟਾਊਨ, ਮਨੀਮਾਜਰਾ ਦਾ ਦੌਰਾ ਕੀਤਾ, ਇਸ ਖੇਤਰ ਦੀ ਪਾਣੀ ਦੀ ਸਪਲਾਈ ਦੀ ਮੁੜ ਜਾਂਚ ਕੀਤੀ ਅਤੇ ਕਲੋਰੀਨੇਸ਼ਨ ਸਹੀ ਮਾਤਰਾ ਵਿੱਚ ਪਾਇਆ ਗਿਆ।
ਇੰਜਨੀਅਰਾਂ ਦੀ ਟੀਮ ਨੇ ਦੱਸਿਆ ਕਿ ਪਿਪਲੀਵਾਲਾ ਟਾਊਨ ਦੇ ਮਕਾਨ ਨੰਬਰ 2089 ਤੋਂ 2160 ਤੱਕ ਗੰਦੇ ਪਾਣੀ ਅਤੇ ਸੀਵਰੇਜ ਦੇ ਓਵਰਫਲੋਅ ਬਾਰੇ ਸ਼ਿਕਾਇਤ ਮਿਲੀ ਸੀ। ਟੀਮ ਦੀ ਰਿਪੋਰਟ ਅਨੁਸਾਰ ਇਹ ਖੇਤਰ ਬਹੁਤ ਸੰਘਣੀ ਆਬਾਦੀ ਵਾਲਾ ਹੈ ਅਤੇ ਸੀਵਰੇਜ ਲਾਈਨਾਂ ਲਗਪਗ 35 ਸਾਲ ਪਹਿਲਾਂ ਵਿਛਾਈਆਂ ਗਈਆਂ ਸਨ, ਜੋ ਮੌਜੂਦਾ ਲੋੜ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ।
ਇਸੇ ਤਰ੍ਹਾਂ ਖੇਤਰ ਵਿੱਚ ਪਾਣੀ ਸਪਲਾਈ ਦੀਆਂ ਲਾਈਨਾਂ ਵੀ ਲਗਭਗ 35 ਸਾਲ ਪਹਿਲਾਂ ਵਿਛਾਈਆਂ ਗਈਆਂ ਸਨ ਜੋ ਹੁਣ ਖਰਾਬ ਹੋ ਚੁੱਕੀਆਂ ਹਨ ਤੇ ਹੁਣ ਲੱਖਾਂ ਰੁਪਏ ਨਾਲ ਇਹ ਦੋਵੇਂ ਕੰਮ ਕਰਵਾਉਣ ਦੀ ਤਿਆਰੀ ਹੈ।
ਪਿੰਡ ਬੁੜੈਲ ਵਿਚ ਵੀ ਸੀਵਰੇਜ ਕਾਰਨ ਸਮੱਸਿਆਵਾਂ
ਸ਼ਹਿਰ ਦੇ ਸਭ ਤੋਂ ਸੰਘਣੀ ਅਬਾਦੀ ਵਾਲੇ ਪਿੰਡ ਬੁੜੈਲ ਵਿੱਚ ਵੀ ਸੀਵਰੇਜ ਦੀ ਵਿਵਸਥਾ ਲਗਪਗ ਠੱਪ ਰਹਿੰਦੀ ਹੈ। ਪੇਂਡੂ ਸੰਘਰਸ਼ ਕਮੇਟੀ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਦੇ ਠੱਪ ਹੋਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸੈਣੀ ਮੁਹੱਲੇ ਨੇੜੇ ਮਕਾਨ ਨੰਬਰ 1296 ਤੋਂ ਲੈ ਕੇ 1307 ਦੇ ਨੇੜੇ ਤੱਕ ਸੀਵਰੇਜ ਵਿਵਸਥਾ ਠੱਪ ਪਈ ਹੈ ਜਿਸ ਕਾਰਨ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਆ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦੇ ਅੰਦਰ ਬਣੇ ਸੀਵਰੇਜ ਦੇ ਮੈਨਹੋਲਾਂ ਵਿੱਚੋਂ ਵੀ ਪਾਣੀ ਬਾਹਰ ਆ ਰਿਹਾ ਹੈ ਅਤੇ ਘਰਾਂ ਵਿੱਚ ਇਕੱਠਾ ਹੋਰ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।