ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੁਲਾਈ
ਆਮਦਨੀ ਦੇ ਸਰੋਤ ਵਧਾਉਣ ਲਈ ਤਰਲੋਮੱਛੀ ਹੋ ਰਹੀ ਚੰਡੀਗੜ੍ਹ ਨਗਰ ਨਿਗਮ ਹੁਣ ਆਪਣੇ ਖਰਚੇ ਘਟਾਉਣ ਲਈ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਛੱਡ ਕੇ ਹੋਰ ਅਧਿਕਾਰੀਆਂ ਨੂੰ ਸਰਕਾਰੀ ਵਾਹਨ ਦੇਣ ਦੀ ਬਜਾਏ ਹਰ ਮਹੀਨੇ ਪੈਟਰੋਲ ਜਾਂ ਡੀਜ਼ਲ ਦਾ ਖਰਚਾ ਦੇਣ ਦੀ ਤਿਆਰੀ ਵਿੱਚ ਹੈ। ਇਸ ਬਾਰੇ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਵਲੋਂ ਨਗਰ ਨਿਗਮ ਲਈ ਆਮਦਨੀ ਦੇ ਸਰੋਤ ਲਈ ਬਣਾਈ ਗਈ ਕਮੇਟੀ ਦੇ ਪੈਨਲ ਦੀ ਅੱਜ ਹੋਈ ਮੀਟਿੰਗ ਵਿੰਚ ਇਸ ਵਿਸ਼ੇ ’ਤੇ ਚਰਚਾ ਕੀਤੀ ਗਈ। ਪੈਨਲ ਵਿੱਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਨਿਗਮ ਦਾ ਵਾਹਨਾਂ ’ਤੇ ਹੋਣ ਵਾਲੇ ਰੱਖ-ਰਖਾਅ ਦੇ ਖਰਚ ਵਿੱਚ ਬਚਤ ਹੋਵੇਗੀ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਵਾਹਨਾਂ ਉੱਤੇ ਇਸ਼ਤਿਹਾਰ ਲਗਾ ਕੇ ਕਮਾਈ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਨਿਗਮ ਅਧਿਕਾਰੀਆਂ ਨੂੰ ਵਿਸਥਾਰਤ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।
ਮੀਟਿੰਗ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਕਮਰਸ਼ੀਅਲ ਵਾਹਨਾਂ ਉੱਤੇ ਗਰੀਨ ਐਂਟਰੀ ਟੈਕਸ ਲਗਾਉਣ ਦਾ ਏਜੰਡਾ ਨਿਗਮ ਹਾਊਸ ਦੀ ਆਉਣ ਵਾਲੀ ਮੀਟਿੰਗ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂਕਿ ਇਸ ਏਜੰਡੇ ਉੱਤੇ ਹਾਊਸ ਮੀਟਿੰਗ ਦੌਰਾਨ ਚਰਚਾ ਕਰਕੇ ਇਸ ਨੂੰ ਲਾਗੂ ਕੀਤਾ ਜਾ ਸਕੇ ਅਤੇ ਨਿਗਮ ਦੇ ਆਮਦਨੀ ਵਿੱਚ ਵਾਧਾ ਹੋ ਸਕੇ। ਮੀਟਿੰਗ ਦੌਰਾਨ ਕੇਬਲ ਤੇ ਆਪਟਿਕਲ ਫਾਇਬਰ ਕੇਬਲ ਵਿਛਾਉਣ ਲਈ ਦਰਾਂ ਅਤੇ ਨੀਤੀ ਦੀ ਸਮੀਖਿਆ ਕਰਨ ਸਬੰਧੀ ਏਜੰਡਾ ਵੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਪੈਨਲ ਵਿੱਚ ਸ਼ਾਮਲ ਮੈਂਬਰਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਬੂਥਾਂ ਸਮੇਤ ਸ਼ੋਅਰੂਮਾਂ ਅਤੇ ਬੇਅ-ਸ਼ਾਪਾਂ ਦੇ ਪਿੱਛੇ ਅਤੇ ਨਾਲ ਲਗਦੀਆਂ ਥਾਵਾਂ ’ਤੇ ਕੀਤੇ ਕਬਜ਼ਿਆਂ ਲਈ ਜੁਰਮਾਨਾ ਰਾਸ਼ੀ ਤੈਅ ਕਰਨ ’ਤੇ ਵੀ ਵਿਚਾਰ ਕੀਤਾ ਗਿਆ। ਇਸ ਬਾਰੇ ਪੈਨਲ ਨੇ ਨਿਗਮ ਅਧਿਕਾਰੀਆਂ ਨੂੰ ਇੱਕ ਸਰਵੇਖਣ ਕਰਣ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਕੌਂਸਲਰ ਰਾਜੇਸ਼ ਕਾਲੀਆ, ਮਹੇਸ਼ ਇੰਦਰ ਸਿੰਘ ਸਿੱਧੂ, ਦਿਵੇਸ਼ ਮੋਦਗਿਲ, ਸਤੀਸ਼ ਕੁਮਾਰ ਕੈਂਥ ਸਮੇਤ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ, ਜੁਆਇੰਟ ਕਮਿਸ਼ਨਰ ਸੌਰਭ ਕੁਮਾਰ ਅਰੋੜਾ ਸਮੇਤ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਓਪਨਏਅਰ ਜਿਮਾਂ ’ਤੇ ਵਾਧੂ ਖਰਚ ਘਟਾਉਣ ਊੱਤੇ ਜ਼ੋਰ
ਪੈਨਲ ਨੇ ਓਪਨਏਅਰ ਜਿਮ ਤੇ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਵਾਲੇ ਝੂਲਿਆਂ ਉੱਤੇ ਕੀਤੇ ਜਾ ਰਹੇ ਵਾਧੂ ਖਰਚ ਨੂੰ ਘਟਾਉਣ ’ਤੇ ਵੀ ਜ਼ੋਰ ਦਿੱਤਾ। ਪੈਨਲ ਨੇ ਅਜਿਹੇ ਪਾਰਕਾਂ ਵਿੱਚ ਲੱਗੀਆਂ ਸਮੱਗਰੀਆਂ ਦੀ ਵੀ ਜਾਂਚ ਕਰਨ ਲਈ ਨਿਗਮ ਅਧਿਕਾਰੀਆਂ ਨੂੰ ਕਿਹਾ। ਨਿਗਮ ਦੇ ਪੈਨਲ ਨੇ ਨਿਗਮ ਦੀਆਂ ਸੰਪਤੀਆਂ ਜਿਵੇਂ ਕਿ ਸੈਕਟਰ-48 ਦੇ ਓਪਨਏਅਰ ਥੀਏਟਰ ਸਮੇਤ ਅਤੇ ਸੈਕਟਰ-38 ਸਥਿਤ ਮਹਿਲਾ ਭਵਨ ਨੂੰ ਕਿਰਾਏ ਉੱਤੇ ਦੇਣ ਲਈ ਵੀ ਵਿਚਾਰ ਵਟਾਂਦਰਾ ਕੀਤਾ। ਨਿਗਮ ਦੀਆਂ ਇਨ੍ਹਾਂ ਜਨਤਕ ਸੰਪਤੀਆਂ ਦੀ ਵਰਤੋਂ ਲਈ ਜਲਦੀ ਹੀ ਬੁਕਿੰਗ ਸ਼ੁਰੂ ਕਰਨ ਦਾ ਏਜੇਂਡਾ ਵੀ ਅੱਜ ਦੀ ਮੀਟਿੰਗ ਵਿੱਚ ਪਾਸ ਕੀਤਾ ਗਿਆ। ਪੈਨਲ ਨੇ ਸੈਕਟਰ-48 ਦੇ ਓਪਨ ਏਅਰ ਥੀਏਟਰ ਅਤੇ ਸੈਕਟਰ-38 ਦੇ ਮਹਿਲਾ ਭਵਨ ਦਾ ਆਉਣ ਵਾਲੇ ਦਿਨਾਂ ਵਿੱਚ ਦੌਰਾ ਕਰਕੇ ਉਥੇ ਉਪਲੱਬਧ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲੈਣ ਦਾ ਫੈਸਲਾ ਵੀ ਕੀਤਾ। ਪੈਨਲ ਦੀ ਅਗਲੀ ਮੀਟਿੰਗ 29 ਜੁਲਾਈ ਨੂੰ ਸੱਦੀ ਗਈ ਹੈ।