ਮੁਕੇਸ਼ ਕੁਮਾਰ
ਚੰਡੀਗੜ੍ਹ , 19 ਜੂਨ
ਚੰਡੀਗੜ੍ਹ ਨਗਰ ਨਿਗਮ ਨੇ ਸੈਕਟਰ 25 ਸਥਿਤ ਜੈ ਪ੍ਰਕਾਸ਼ ਐਸੋਸੀਏਟਸ ਵਲੋਂ ਸੰਚਾਲਿਤ ਗਰੀਨ ਟੈੱਕ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਗਮ ਨੇ ਪਲਾਂਟ ਵਿੱਚ ਕੰਮ ਕਰ ਰਹੇ ਲਗਪਗ 50 ਮਜਦੂਰਾਂ ਨੂੰ ਅੱਜ ਸ਼ਾਮ ਹੀ ਨਿਯੁਕਤੀ ਪੱਤਰ ਜਾਰੀ ਕਰਕੇ ਪਲਾਂਟ ਵਿੱਚ ਹੀ ਮੁੜ ਤੋਂ ਰੱਖ ਲਿਆ। ਦੱਸਣਯੋਗ ਹੈ ਕਿ ਲੰਘੀ ਫਰਵਰੀ ਮਹੀਨੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕਾਂ ਨੂੰ 90 ਦਿਨ ਦਾ ਸਮਾਂ ਦਿੱਤਾ ਸੀ ਜਿਸ ਦੀ ਮਿਆਦ ਪਿਛਲੇ ਹਫਤੇ ਖਤਮ ਹੋ ਗਈ ਹੈ। ਅੱਜ ਸ਼ਾਮ ਨਗਰ ਨਿਗਮ ਨੇ ਇਸ ਪਲਾਂਟ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਮਜ਼ਦੂਰ ਪਲਾਂਟ ਦੇ ਬਾਹਰ ਧਰਨੇ ਉੱਤੇ ਬੈਠ ਗਏ ਤੇ ਨਿਗਮ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਛੱਤਾਂ ਉੱਤੇ ਲੱਗਣਗੇ ਸੋਲਰ ਪਾਵਰ ਪਲਾਂਟ
ਚੰਡੀਗੜ੍ਹ (ਪੱਤਰ ਪ੍ਰੇਰਕ): ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਘਰਾਂ ਦੀਆਂ ਛੱਤਾਂ ਉਤੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਚੀਫ਼ ਐਡਮਿਨਿਸਟ੍ਰੇਟਰ ਅਜੌਏ ਕੁਮਾਰ ਸਿਨਹਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਪਲਾਂਟ ਲਗਾਊਣੇ ਲਾਜ਼ਮੀ ਹਨ ਤੇ ਪਲਾਂਟ ਲਗਾਊਣ ਲਈ 31 ਮਾਰਚ 2021 ਤੱਕ ਮੋਹਲਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 5 ਕਿਲੋਵਾਟ ਜਾਂ ਉਸ ਤੋਂ ਵੱਧ ਕੁਨੈਕਟਿਡ ਲੋਡ ਵਾਲੇ ਘਰਾਂ ਦੀਆਂ ਛੱਤਾਂ ਉਤੇ ਇਹ ਪਲਾਂਟ ਲਗਾਇਆ ਜਾ ਸਕੇਗਾ। ਪਾਵਰ ਪਲਾਂਟ ਲਾਭਪਾਤਰੀਆਂ ਦੇ ਜ਼ੀਰੋ ਇਨਵੈਸਟਮੈਂਟ ਨਾਲ ਲਗਾਇਆ ਜਾਵੇਗਾ ਅਤੇ ਪ੍ਰਾਜੈਕਟ ਲਗਪਗ 15 ਸਾਲਾਂ ਦੀ ਮਿਆਦ ਉਪਰੰਤ ਬਿਨਾਂ ਕਿਸੇ ਖਰਚੇ ਤੋਂ ਲਾਭਪਾਤਰੀਆਂ ਨੂੰ ਤਬਦੀਲ ਕਰ ਦਿੱਤਾ ਜਾਵੇਗਾ। ਲਾਭਪਾਤਰੀਆਂ ਨੂੰ ਪ੍ਰਾਜੈਕਟ ਟਰਾਂਸਫ਼ਰ ਦੀ ਮਿਆਦ ਤੱਕ ਸੋਲਰ ਊਰਜਾ 3.44 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ। ਇਸ ਪਾਇਲਟ ਪ੍ਰਾਜੈਕਟ ਤਹਿਤ ‘ਪਹਿਲਾਂ ਆਓ-ਪਹਿਲਾਂ ਪਾਓ’ ਅਧਾਰ ’ਤੇ 5 ਤੋਂ 10 ਕਿਲੋਵਾਟ ਦੀ ਸਮਰਥਾ ਵਾਲੇ 2200 ਸਿਸਟਮ ਸਥਾਪਿਤ ਕੀਤੇ ਜਾਣਗੇ।
ਘਰਾਂ ਵਿੱਚ ਕਰਨਾ ਪਵੇਗਾ ਯੋਗ: ਇਸ ਵਾਰ 21 ਜੂਨ ਨੂੰ ਯੋਗ ਦਿਵਸ ਮੋਥੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਯੋਗ ਕਰਨਾ ਪਵੇਗਾ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ‘ਯੋਗਾ ਐਟ ਹੋਮ ਐਂਡ ਯੋਗਾ ਵਿੱਦ ਫੈਮਿਲੀ’ ਸਿਰਲੇਖ ਤਹਿਤ ਪ੍ਰਚਾਰ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਸਰਕਾਰੀ ਕਾਲਜ ਆਫ਼ ਯੋਗਾ ਐਜੂਕੇਸ਼ਨ ਐਂਡ ਹੈਲਥ ਦੇ ਸਹਿਯੋਗ ਨਾਲ ਆਨਲਾਈਨ ਯੋਗਾ ਕਰਵਾਇਆ ਜਾਵੇਗਾ।