ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 23 ਸਤੰਬਰ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਮੇਅਰ ਅਮਰਜੀਤ ਸਿੰਘ ਸਿੱਧੂ ਦੇ ਮੁਹੱਲੇ ’ਚ ਡੇਂਗੂ ਦੀ ਦਸਤਕ ਮਗਰੋਂ ਮੁਹਾਲੀ ਪ੍ਰਸ਼ਾਸਨ ਨੇ ਗੂੜੀ ਨੀਂਦ ਤੋਂ ਜਾਗਦਿਆਂ ਪ੍ਰਭਾਵਿਤ ਇਲਾਕੇ ਸਮੇਤ ਸ਼ਹਿਰ ’ਚ ਫੌਗਿੰਗ ਸ਼ੁਰੂ ਕਰ ਦਿੱਤੀ ਹੈ। ਇੱਥੋਂ ਦੇ ਫੇਜ਼-7 ਦੇ ਪ੍ਰਭਾਵਿਤ ਖੇਤਰ ਵਿੱਚ 350 ਘਰਾਂ ਦੀ ਚੈਕਿੰਗ ਦੌਰਾਨ 35 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ।
ਉੱਧਰ, ਨਗਰ ਨਿਗਮ ਨੇ ਇਹ ਦਾਅਵਾ ਕੀਤਾ ਹੈ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਅਪਰੈਲ ਮਹੀਨੇ ਤੋਂ ਸ਼ਹਿਰ ਵਿੱਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ ਤੇ ਨਗਰ ਨਿਗਮ ਦੀ ਜੀਪੀਐੱਸ ਪ੍ਰਣਾਲੀ ਵਾਲੀਆਂ ਪੰਜ ਵਾਹਨ ਮਾਊਂਟਿਡ ਮਸ਼ੀਨਾਂ ਪੂਰੇ ਸ਼ਹਿਰ ਨੂੰ ਮਹੀਨੇ ਵਿੱਚ ਲਗਪਗ ਤਿੰਨ ਵਾਰ ਕਵਰ ਕਰਦੀਆਂ ਹਨ। ਨਿਗਮ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਦੋ ਸ਼ੋਲਡਰ ਮਾਊਂਟਿਡ ਮਸ਼ੀਨਾਂ ਵੀ ਹਨ, ਜਿਨ੍ਹਾਂ ਰਾਹੀਂ ਸਲੱਮ ਖੇਤਰਾਂ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ। ਕਮਿਸ਼ਨਰ ਮੁਤਾਬਕ ਨਗਰ ਨਿਗਮ ਵੱਲੋਂ ਸੈਨੀਟੇਸ਼ਨ ਸ਼ਾਖਾ ਦੇ ਕਰਮਚਾਰੀਆਂ ਦੀਆਂ ਚਾਰ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਸੁਪਰਵਾਈਜ਼ਰ ਸ਼ਾਮਲ ਹਨ। ਇਹ ਟੀਮਾਂ ਆਪੋ-ਆਪਣੇ ਖੇਤਰਾਂ ਵਿੱਚ ਸਿਹਤ ਵਿਭਾਗ ਦੇ ਅਧਿਕਰੀਆਂ ਨਾਲ ਤਾਲਮੇਲ ਕਰ ਕੇ ਡੇਂਗੂ ਦੇ ਲਾਰਵਾ ਦੀ ਚੈਕਿੰਗ ਕਰਦੀਆਂ ਹਨ ਅਤੇ ਜਿਸ ਥਾਂ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ, ਉਸ ਜਗ੍ਹਾ ਦੇ ਮਾਲਕ ਵਿਅਕਤੀ ਦਾ ਮੌਕੇ ’ਤੇ ਹੀ ਚਲਾਨ ਕਰ ਦਿੱਤਾ ਜਾਂਦਾ ਹੈ ਅਤੇ ਹੁਣ ਤੱਕ ਕੁੱਲ 153 ਡੇਂਗੂ ਦੇ ਚਲਾਨ ਕੀਤੇ ਗਏ ਹਨ।
ਸ੍ਰੀ ਗਰਗ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਵਿੱਚ ਪਾਣੀ ਵਾਲੇ ਟੋਭੇ ਹਨ, ਜਿਨ੍ਹਾਂ ਵਿੱਚ ਡੇਂਗੂ ਦੇ ਲਾਰਵੇ ਦੀ ਰੋਕਥਾਮ ਲਈ ਐਂਟੀ ਲਾਰਵਾਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ‘ਡੇਂਗੂ ਮੁਕਤ ਪੰਜਾਬ’ ਐਪ ਡਾਊਨਲੋਡ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।