ਪੱਤਰ ਪ੍ਰੇਰਕ
ਰੂਪਨਗਰ, 10 ਜੁਲਾਈ
ਇੱਥੇ ਬਰਸਾਤੀ ਨਾਲਿਆਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਮੀਂਹ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਕੌਂਸਲ ਰੂਪਨਗਰ ਨੂੰ ਤਿੰਨ ਦਿਨਾਂ ਦੇ ਅੰਦਰ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਐੱਸਡੀਐੱਮ ਰੂਪਨਗਰ ਵੱਲੋਂ ਨਗਰ ਕੌਂਸਲ ਨੂੰ ਭੇਜੇ ਪੱਤਰ ਵਿੱਚ ਤਿੰਨ ਦਿਨਾਂ ਦੇ ਅੰਦਰ ਨਾਜਾਇਜ਼ ਕਬਜ਼ੇ ਨਾ ਹਟਾਏ ਜਾਣ ਦੀ ਸੂਰਤ ਵਿੱਚ ਧਾਰਾ 188 ਤਹਿਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੱਤਰ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਅਧੀਨ ਨਗਰ ਕੌਂਸਲ ਦੀ ਟੀਮ ਵੱਲੋਂ ਡਿਊਟੀ ਮੈਜਿਸਟਰੇਟ ਕਮ ਤਹਿਸੀਲਦਾਰ ਜਸਪ੍ਰੀਤ ਸਿੰਘ ਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਾਜਾਇਜ਼ ਕਬਜ਼ਿਆਂ ’ਤੇ ਜੇਸੀਬੀ ਮਸ਼ੀਨ ਚਲਾਈ ਜਾ ਰਹੀ ਹੈ ਤਾਂ ਜੋ ਮਿੱਥੇ ਸਮੇਂ ਅੰਦਰ ਨਾਜਾਇਜ਼ ਕਬਜ਼ੇ ਹਟਾਏ ਜਾ ਸਕਣ। ਨਗਰ ਕੌਂਸਲ ਵੱਲੋਂ ਸ਼ੁੱਕਰਵਾਰ ਤੋਂ ਆਰੰਭੀ ਗਈ ਕਾਰਵਾਈ ਅੱਜ ਤੀਜੇ ਦਿਨ ਵੀ ਜਾਰੀ ਰਹੀ।