ਹਰਜੀਤ ਸਿੰਘ
ਡੇਰਾਬੱਸੀ, 15 ਫਰਵਰੀ
ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਅੱਜ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਪੁਲੀਸ ਵੱਲੋਂ ਨਿਰਪੱਖ ਭੂਮਿਕਾ ਅਦਾ ਕੀਤੀ ਗਈ ਜਿਸ ਲਈ ਉਨ੍ਹਾਂ ਐੱਸਐੱਸਪੀ ਮੁਹਾਲੀ ਸਤਿੰਦਰ ਸਿੰਘ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰ-ਕਮ- ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਵੱਲੋਂ 14 ਫਰਵਰੀ ਨੂੰ ਮਤਦਾਨ ਵਾਲੇ ਦਿਨ ਤੱਕ ਫਾਈਨਲ ਸੂਚੀ ਪੇਸ਼ ਕੀਤੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਹਰੇਕ ਵਾਰਡ ਵਿੱਚ ਸੈਂਕੜੇ ਵੋਟਾਂ ਨਵੀਆਂ ਬਣੀਆਂ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਵੋਟਾਂ ਤਿੰਨੇ ਸ਼ਹਿਰਾਂ ਤੋਂ ਬਾਹਰ ਪਿੰਡਾਂ ਅਤੇ ਹੋਰ ਖੇਤਰ ਦੀ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਉਨ੍ਹਾਂ ਵੱਲੋਂ ਸਬੂਤ ਵੀ ਪੇਸ਼ ਕੀਤੇ ਗਏ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਕਿਹਾ ਕਿ ਰਿਟਰਨਿੰਗ ਅਫਸਰ ਕਮ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਵੱਲੋਂ ਪੂਰੀ ਤਰ੍ਹਾਂ ਧਿਰ ਬਣ ਕੇ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਸਡੀਐੱਮ ਵੱਲੋਂ ਜਿੱਥੇ ਪਹਿਲਾਂ ਹਲਕੇ ਦੀ 22 ਹਜ਼ਾਰ ਵੋਟਾਂ ਨੂੰ ਗਲਤ ਢੰਗ ਨਾਲ ਕੱਟ ਦਿੱਤਾ ਗਿਆ, ਉੱਥੇ ਮੁੜ ਵੋਟ ਪੋਲ ਕਰਨ ਲਈ ਬੂਥ ਗਲਤ ਢੰਗ ਨਾਲ ਬਣਾਏ ਗਏ।
ਸ੍ਰੀ ਸ਼ਰਮਾ ਨੇ ਦਸਤਾਵੇਜ਼ ਦਿਖਾਉਂਦਿਆਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਸਾਬਕਾ ਕੌਂਸਲ ਪ੍ਰਧਾਨ ਹਰਜਿੰਦਰ ਸਿੰਘ ਰੰਗੀ ਦੇ ਵਾਰਡ ਨੰਬਰ 14 ਵਿੱਚ 450 ਵੋਟਾਂ ਬਣਾਈਆਂ ਗਈਆਂ, ਸਾਬਕਾ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਦੇ ਵਾਰਡ ਨੰਬਰ 10 ਵਿੱਚ 170 ਕਰੀਬ, ਵਾਰਡ ਨੰਬਰ 19 ਵਿੱਚ 150 ਦੇ ਕਰੀਬ ਵੋਟਾਂ ਮਤਦਾਨ ਵਾਲੇ ਦਿਨ 14 ਫਰਵਰੀ ਦੀ ਸਵੇਰ ਨੂੰ ਹੀ ਸੂਚੀ ਪੇਸ਼ ਕੀਤੀ ਗਈ ਜਦਕਿ ਨਿਯਮ ਮੁਤਾਬਕ ਚੋਣ ਨਿਸ਼ਾਨ ਦੇ ਨਾਲ ਹੀ ਉਮੀਦਵਾਰ ਨੂੰ ਫਾਈਨਲ ਸੂਚੀ ਦੇਣੀ ਲਾਜ਼ਮੀ ਹੈ। ਸਪਲੀਮੈਂਟਰੀ ਸੂਚੀ ਵਿੱਚ ਨਾ ਤਾਂ ਵੋਟ ਦਾ ਨੰਬਰ, ਨਾ ਪਤਾ ਅਤੇ ਨਾ ਹੀ ਉਸਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ। ਇਸ ਤੋਂ ਇਲਾਵਾ ਨਵੀਂ ਵੋਟ ਬਣਾਉਣ ਤੋਂ ਪਹਿਲਾਂ ਪੁਰਾਣੀ ਥਾਂ ’ਤੇ ਵੋਟ ਕੱਟਣਾ ਵੀ ਜ਼ਰੂਰੀ ਹੈ ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ।
ਐੱਸਡੀਐੱਮ ਨੇ ਦੋਸ਼ ਨਕਾਰੇ
ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੂਰਾ ਕੰਮ ਨਿਯਮਾਂ ਮੁਤਾਬਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਮੁਹੱਈਆ ਕਰਵਾਈ ਗਈਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਆਗੂ ਨੂੰ ਇਤਰਾਜ਼ ਸੀ ਤਾਂ ਉਸ ਨੂੰ ਵੋਟਾਂ ਤੋਂ ਪਹਿਲਾਂ ਦੂਰ ਕੀਤਾ ਗਿਆ।