ਹਰਜੀਤ ਸਿੰਘ
ਡੇਰਾਬੱਸੀ, 21 ਅਗਸਤ
ਸਫ਼ਾਈ ਸੇਵਕ ਸੋਹਣ ਲਾਲ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਉਸ ਦੀ ਮਾਰਕੁੱਟ ਕਰਨ ਦੇ ਮਾਮਲੇ ਵਿੱਚ ਲੰਘੇ ਦਿਨ ਗ੍ਰਿਫ਼ਤਾਰ ਕੀਤੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਤੇ ਕੌਂਸਲਰ ਦੇ ਪਤੀ ਭੁਪਿੰਦਰ ਸ਼ਰਮਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਸੋਹਣ ਲਾਲ ਦੇ ਵਕੀਲ ਮੁਕੇਸ਼ ਗਾਂਧੀ ਨੇ ਐੱਫਆਈਆਰ ਵਿੱਚ ਨਾਮਜ਼ਦ ਸੱਤ ਵਿਅਕਤੀਆਂ ਵਿੱਚੋਂ ਚਾਰ ਅਣਪਛਾਤਿਆਂ ਦੀ ਪਛਾਣ ਕਰਨ ਲਈ ਦੋਵਾਂ ਦਾ ਚਾਰ ਦਿਨਾਂ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਵੱਲੋਂ ਦੋਵਾਂ ਧਿਰਾਂ ਦੇ ਪੱਖ ਸੁਣਨ ਮਗਰੋਂ ਅੱਧੇ ਘੰਟੇ ਲਈ ਫੈਸਲਾ ਰਾਂਖਵਾ ਰੱਖਣ ਮਗਰੋਂ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਤੇ ਕੌਂਸਲਰ ਦੇ ਪਤੀ ਭੁਪਿੰਦਰ ਸ਼ਰਮਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜ ਦਿੱਤਾ।
ਅਦਾਲਤ ਕੰਪਲੈਕਸ ਵਿੱਚ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ਿਕਾਇਤਕਰਤਾ ਦੇ ਹੱਕ ਵਿੱਚ ਪਹੁੰਚੇ ਐੱਸਸੀ ਅਤੇ ਬੀਸੀ ਭਾਈਚਾਰੇ ਦੇ ਲੋਕ ਅਤੇ ਰਣਜੀਤ ਸਿੰਘ ਰੈਡੀ ਦੇ ਹੱਕ ਵਿੱਚ ਪਹੁੰਚੇ ਦੀਪਇੰਦਰ ਸਿੰਘ ਢਿੱਲੋਂ ਅਤੇ ਜ਼ੀਰਕਪੁਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ ਵਾਲੇ ਕਾਂਗਰਸੀ ਕਾਰਕੁਨ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਐੱਸਸੀ ਅਤੇ ਬੀਸੀ ਭਾਈਚਾਰੇ ਨੇ ਕਾਂਗਰਸ ਪਾਰਟੀ ਅਤੇ ਰਣਜੀਤ ਰੈਡੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੁਜ਼ਹਰਾਕਾਰੀਆਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਹੋਰ ਵੱਡੇ ਆਗੂ ਅਜਿਹੇ ਮੁਲਜ਼ਮ ਦੇ ਹੱਕੇ ਵਿੱਚ ਨਿੱਤਰੇ ਜਿਸ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਸਣੇ ਹੋਰਨਾਂ ਕਾਂਗਰਸੀਆਂ ਨੇ ਇਕ ਵਾਰ ਵੀ ਉਨ੍ਹਾਂ ਦਾ ਪੱਖ ਨਹੀਂ ਸੁਣਿਆ। ਮੁਜ਼ਹਰਾਕਾਰੀਆਂ ਨੇ ਅਦਾਲਤ ਕੰਪਲੈਕਸ ਦੇ ਬਾਹਰ ਰਣਜੀਤ ਸਿੰਘ ਰੈੱਡੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਮੂਹ ਭਾਈਚਾਰਾ ਇਕਜੁੱਟ ਹੈ। ਜੇਕਰ ਕਾਂਗਰਸ ਨੇ ਸ੍ਰੀ ਰੈੱਡੀ ਦੀ ਮਦਦ ਕੀਤੀ ਤਾਂ ਉਹ ਇਸ ਦਾ ਡੱਟ ਕੇ ਵਿਰੋਧ ਕਰਨਗੇ। ਦੂਜੇ ਪਾਸੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਦਾਲਤੀ ਲੜਾਈ ਲੜਨ ਤੋਂ ਇਲਾਵਾ ਛੇਤੀ ਹੀ ਪਾਰਟੀ ਹਾਈ ਕਮਾਂਡ ਦੇ ਨਾਲ ਮਸ਼ਵਰਾ ਕਰ ਅਗਲੀ ਰਣਨੀਤੀ ਉਲੀਕੀ ਜਾਏਗੀ।
ਕੌਂਸਲ ਪ੍ਰਧਾਨ ਦੇ ਹੱਕ ਵਿੱਚ ਨਿੱਤਰੇ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ: ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਲੰਘੇ ਦਿਨ ਕਾਂਗਰਸੀਆਂ ਵੱਲੋਂ ਪੁਲੀਸ ਸਟੇਸ਼ਨ ਦੇ ਬਾਹਰ ਲਾਏ ਧਰਨੇ ਵਿੱਚ ਦੇਰ ਸ਼ਾਮ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੰਦੀਪ ਸੰਧੂ ਤੇ ਹੋਰ ਆਗੂ ਪਹੁੰਚੇ।
ਰਿਸ਼ਵਤ ਮਾਮਲੇ ’ਚ ਜ਼ੀਰਕਪੁਰ ਦੀ ਕੌਂਸਲਰ ਤੇ ਪਤੀ ਨਾਮਜ਼ਦ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਪੰਚਕੂਲਾ ਪੁਲੀਸ ਨੇ ਜ਼ੀਰਕਪੁਰ ਦੀ ਵਾਰਡ ਨੰਬਰ ਪੰਜ ਤੋਂ ਕੌਂਸਲਰ ਨੇਹਾ ਸ਼ਰਮਾ ਅਤੇ ਉਸ ਦੇ ਪਤੀ ਮਨੀ ਸ਼ਰਮਾ ਖ਼ਿਲਾਫ਼ ਪੰਚਕੂਲਾ ਵਾਸੀ ਨੂੰ ਬਲੈਕਮੇਲ ਕਰ ਕੇ ਨੌਂ ਲੱਖ ਰੁਪਏ ਨਾਜਾਇਜ਼ ਤੌਰ ’ਤੇ ਵਸੂਲਣ ਅਤੇ ਦਸ ਲੱਖ ਰੁਪਏ ਹੋਰ ਮੰਗਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਪੰਚਕੂਲਾ ਪੁਲੀਸ ਨੇ ਇਹ ਕਾਰਵਾਈ ਸ਼ਿਵਮ ਅਰੋੜ ਦੀ ਸ਼ਿਕਾਇਤ ’ਤੇ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਾਰਟਨਰ ਜ਼ੀਰਕਪੁਰ ਦੇ ਵਾਰਡ ਨੰਬਰ 5 ਵਿੱਚ ਪੈਂਦੇ ਮਾਡਰਨ ਐਨਕਲੇਵ ਮੇਨ ਬਾਜ਼ਾਰ ਵਿੱਚ ਦੁਕਾਨਾਂ ਦੀ ਉਸਾਰੀ ਕਰ ਰਹੇ ਸਨ। ਇਸ ਉਸਾਰੀ ਲਈ ਉਨ੍ਹਾਂ ਵੱਲੋਂ ਨਗਰ ਕੌਂਸਲ ਤੋਂ ਨਕਸ਼ੇ ਪਾਸ ਕਰਵਾਏ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਕਸ਼ਾ ਪਾਸ ਹੋਣ ਦੇ ਬਾਵਜੂਦ ਵਾਰਡ ਦੀ ਕੌਂਸਲਰ ਨੇਹਾ ਸ਼ਰਮਾ ਅਤੇ ਉਸ ਦੇ ਪਤੀ ਮਨੀ ਸ਼ਰਮਾ ਵੱਲੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਤੋਂ ਹੁਣ ਤੱਕ ਨੌਂ ਲੱਖ ਰੁਪਏ ਦੀ ਨਾਜਾਇਜ਼ ਵਸੂਲੀ ਕੀਤੀ ਹੈ ਅਤੇ ਦਸ ਲੱਖ ਦੀ ਹੋਰ ਮੰਗ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦਸ ਲੱਖ ਰੁਪਏ ਹੋਰ ਨਾ ਦੇਣ ’ਤੇ ਦੋਵਾਂ ਨੇ ਨਗਰ ਕੌਂਸਲ ਤੋਂ ਉਨ੍ਹਾਂ ਦੀ ਦੁਕਾਨਾਂ ਤੁੜਵਾ ਦਿੱਤੀਆਂ ਜਿਸ ਦੀ ਵੀਡੀਓ ਗੁਆਂਢੀਆਂ ਵੱਲੋਂ ਉਨ੍ਹਾਂ ਨੂੰ ਭੇਜੀ ਗਈ। ਇਸ ਸਬੰਧੀ ਨੇਹਾ ਸ਼ਰਮਾ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਝੂਠੇ ਦੋਸ਼ ਲਾਏ ਗਏ ਹਨ।