ਕੁਲਦੀਪ ਸਿੰਘ
ਚੰਡੀਗੜ੍ਹ, 19 ਅਗਸਤ
ਇਥੋਂ ਦੇ ਸੈਕਟਰ-24 ਦੇ ਵਸਨੀਕ 74 ਸਾਲਾਂ ਦੇ ਮਰੀਜ਼ ਦੀ ਅੱਜ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਸਾਹ ਦੀ ਬਿਮਾਰੀ ਦੇ ਨਾਲ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ। ਇਸੇ ਦੌਰਾਨ ਚੰਡੀਗੜ੍ਹ ਵਿੱਚ ਅੱਜ 91 ਹੋਰ ਵਿਅਕਤੀ ਕਰੋਨਾਵਾਇਰਸ ਦੀ ਲਪੇਟ ਵਿੱਚ ਆਏ ਹਨ। ਇਸ ਤਰ੍ਹਾਂ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 2396 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਆਏ ਅੱਜ ਨਵੇਂ ਮਰੀਜ਼ ਸੈਕਟਰ 14, 15, 16, 19, 20, 21, 22, 25, 37, 38, 40, 44, 45, 47, 50, 52, 56, 63, ਬਾਪੂਧਾਮ ਕਲੋਨੀ, ਪੀਜੀਆਈ ਕੈਂਪਸ, ਦੜੂਆ, ਰਾਏਪੁਰ ਖੁਰਦ, ਮਲੋਆ, ਕਜਹੇੜੀ, ਬੁੜੈਲ, ਮਨੀਮਾਜਰਾ, ਮੌਲੀ ਜਾਗਰਾਂ, ਡੱਡੂਮਾਜਰਾ, ਕਿਸ਼ਨਗੜ੍ਹ, ਖੁੱਡਾ ਲਾਹੌਰਾ, ਬਹਿਲਾਣਾ ਅਤੇ ਹੱਲੋਮਾਜਰਾ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 108 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1351 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਅੱਜ ਹੋਈ ਇੱਕ ਹੋਰ ਮੌਤ ਉਪਰੰਤ ਮਰਨ ਵਾਨਿਆਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1012 ਹੈ।
ਪਡਿਆਲਾ ਵਾਸੀ ਨੇ ਤੋੜਿਆ ਦਮ
ਕੁਰਾਲੀ (ਮਿਹਰ ਸਿੰਘ): ਇਲਾਕੇ ਦੇ ਪਿੰਡਾਂ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਅਧੀਨ ਪੈਂਦੇ ਪਿੰਡ ਮੀਆਂਪੁਰ ਚੰਗਰ, ਹੁਸ਼ਿਆਰਪੁਰ, ਸਿੰਘਪੁਰਾ, ਪੜੌਲ, ਸਿਆਲਬਾ ਅਤੇ ਓਮੈਕਸ ਸਿਟੀ ਵਿਚ ਬੁੱਧਵਾਰ ਨੂੰ ਕਰੋਨਾ ਦੇ ਸੱਤ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 85 ਹੋ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਦਮ ਤੋੜਨ ਵਾਲਾ 42 ਸਾਲਾਂ ਦਾ ਮਰੀਜ਼ ਪਿੰਡ ਪਡਿਆਲਾ ਦਾ ਵਸਨੀਕ ਸੀ ਅਤੇ ਉਹ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸੀ।
ਖਮਾਣੋਂ (ਜਗਜੀਤ ਕੁਮਾਰ): ਅੱਜ ਖਮਾਣੋਂ ਵਿਚ ਕਰੋਨਾ ਪਾਜ਼ੇਟਿਵ ਦੇ 4 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਹਰਭਜਨ ਰਾਮ ਅਤੇ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਸ਼ਹਿਰ ਦੇ ਇਕ ਦੁਕਾਨਦਾਰ ਦੀ ਲੁਧਿਆਣਾ ਸਥਿਤ ਸੀਐਮਸੀ ਹਸਪਤਾਲ ਵਿੱਚ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਦੀ ਦੁਕਾਨ ’ਤੇ ਕੰਮ ਕਰਦੇ ਇਕ ਲੜਕੇ ਅਤੇ ਲੜਕੀ ਤੋਂ ਇਲਾਵਾ ਉਸ ਦੇ ਪਿਤਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਪਿੰਡ ਖੰਟ ਸਥਿਤ ਬੈਂਕ ਮੈਨੇਜਰ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ ਕਰੋਨਾ ਕਾਰਨ ਔਰਤ ਦੀ ਮੌਤ ਹੋ ਗਈ ਹੈ। ਊਸ ਦੀ ਪਛਾਣ ਰੇਨੂੰ ਜੈਨ ਵਾਸੀ ਸੈਕਟਰ-5 ਬਲਾਕ-ਬੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਲ੍ਹੇ ਵਿਚ 15 ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਅੱਜ 47 ਨਵੇਂ ਕੇਸ ਆਉਣ ਦੀ ਸੂਚਨਾ ਮਿਲੀ ਹੈ। ਡਾਕਘਰ ਨਜ਼ਦੀਕ ਇੱਕ ਬੈਂਕ ਦੀ ਬਰਾਂਚ ਵਿਚ ਕਰੋਨਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ 3 ਦਿਨਾਂ ਲਈ ਇਸ ਬਰਾਂਚ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।
ਬਨੂੜ (ਕਰਮਜੀਤ ਸਿੰਘ ਚਿੱਲਾ): ਇਥੋਂ ਦੇ ਗਿਆਨ ਸਾਗਰ ਹਸਪਤਾਲ ਵਿੱਚ ਅੱਜ ਤੜਕੇ ਕਰੋਨਾ ਪੀੜਤ ਵਿਅਕਤੀ ਜਿੰਦਗੀ ਦੀ ਜੰਗ ਹਾਰ ਗਿਆ। ਮ੍ਰਿਤਕ ਸਰਬਜੀਤ ਸਿੰਘ 41 ਸਾਲਾਂ ਦਾ ਸੀ ਅਤੇ ਮੁਹਾਲੀ ਦਾ ਵਸਨੀਕ ਸੀ। ਪਿਛਲੇ ਤਿੰਨ ਦਿਨਾਂ ਦੌਰਾਨ ਗਿਆਨ ਸਾਗਰ ਵਿੱਚ ਕਰੋਨਾ ਨਾਲ ਹੋਈ ਇਹ ਤੀਜੀ ਮੌਤ ਹੈ। ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਸਰਬਜੀਤ ਨੂੰ 15 ਅਗਸਤ ਨੂੰ ਇੱਥੇ ਦਾਖਿਲ ਕਰਾਇਆ ਗਿਆ ਸੀ। ਸਾਹ ਦੀ ਤਕਲੀਫ਼ ਮਗਰੋਂ ਊਸ ਨੂੰ ਵੈਂਟੀਲੇਟਰ ਲਗਾਇਆ ਗਿਆ ਸੀ ਤੇ ਅੱਜ ਊਸ ਦੀ ਮੌਤ ਹੋ ਗਈ।
ਮੁਹਾਲੀ ਜ਼ਿਲ੍ਹੇ ਵਿੱਚ 3 ਮਰੀਜ਼ਾਂ ਦੀ ਮੌਤ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਵਾਇਰਸ ਦੇ 141 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 2138 ’ਤੇ ਪਹੁੰਚ ਗਈ ਹੈ। ਅੱਜ ਚਾਰ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 40 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 37 ਦਿਨਾਂ ਵਿੱਚ 1743 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਅੱਜ 178 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਪੱਤਰਕਾਰ ਬਲਜੀਤ ਮਰਵਾਹਾ ਦਾ ਭਰਾ ਅਤੇ ਸੈਕਟਰ-66 ਦਾ ਵਸਨੀਕ ਸਰਬਜੀਤ ਸਿੰਘ (41) ਵੀ ਸ਼ਾਮਲ ਹੈ।
ਆਰਟੀਏ ਸਕੱਤਰ ਦੀ ਰਿਪੋਰਟ ਪਾਜ਼ੇਟਿਵ: ਇੱਥੋਂ ਦੇ ਸੈਕਟਰ-76 ਸਥਿਤ ਖੇਤਰੀ ਟਰਾਂਸਪੋਰਟ ਅਥਾਰਿਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਰਟੀਏ ਦਫ਼ਤਰ ਨੂੰ ਦੁਬਾਰਾ ਸੀਲ ਕਰ ਦਿੱਤਾ ਹੈ।
ਵਿਧਾਇਕ ਐਨ.ਕੇ. ਸ਼ਰਮਾ ਕਰੋਨਾ ਪਾਜ਼ੇਟਿਵ
ਜ਼ੀਰਕਪੁਰ (ਹਰਜੀਤ ਸਿੰਘ): ਹਲਕਾ ਡੇਰਾਬੱਸੀ ਦੇ ਵਿਧਾਇਕ ਐਨ.ਕੇ. ਸ਼ਰਮਾ ਵੀ ਕਰੋਨਾ ਵਾਇਰੋ ਦੀ ਲਪੇਟ ਵਿੱਚ ਆ ਗਏ ਹਨ। ਸਿਹਤ ਵਿਭਾਗ ਵੱਲੋਂ ਸ੍ਰੀ ਸ਼ਰਮਾ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਲੰਘੇ ਦੋ-ਤਿੰਨ ਦਿਨਾਂ ਤੋਂ ਅਸਹਿਜ ਮਹਿਸੂਸ ਕਰ ਰਹੇ ਸਨ। ਸ਼ੱਕ ਪੈਣ ’ਤੇ ਉਨ੍ਹਾਂ ਨੇ ਕਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਈ ਹੈ।