ਆਤਿਸ਼ ਗੁਪਤਾ
ਚੰਡੀਗੜ੍ਹ, 12 ਦਸੰਬਰ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਵਿਰੋਧੀਆਂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਨਿਗਮ ਨੂੰ ਕੋਵਿਡ ਸੈੱਸ ਦੇ ਰੂਪ ਵਿੱਚ ਮਿਲਿਆ ਪੈਸਾ ਕਰੋਨਾ ਰਾਹਤ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਖਰਚ ਕੀਤਾ ਜਾਵੇਗਾ। ਇਸ ਮੁੱਦੇ ’ਤੇ ਭਾਜਪਾ ਨੂੰ ਘੇਰਨ ਵਾਲੇ ਕਾਂਗਰਸੀ ਇੱਕ ਵਾਰ ਸ਼ਹਿਰ ਵਾਸੀਆਂ ਨੂੰ ਦੱਸਣ ਕਿ ਉਨ੍ਹਾਂ ਕਰੋਨਾ ਕਾਲ ਵਿੱਚ ਕੀ ਕੀਤਾ ਹੈ। ਸ਼ਹਿਰ ਵਾਸੀ ਇਸ ਬਾਰੇ ਜਾਣਨਾ ਚਾਹੁੰਦੇ ਹਨ।
ਰਵੀਕਾਂਤ ਸ਼ਰਮਾ ਨੇ ਪਾਰਟੀ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਗਮ ਨੂੰ ਕੋਵਿਡ ਸੈੱਸ ਦੇ ਰੂਪ ਵਿੱਚ ਕੁੱਲ 28 ਕਰੋੜ ਰੁਪਏ ਮਿਲੇ ਹਨ। ਇਹ ਪੈਸਾ ਕਰੋਨਾ ਰਾਹਤ ਅਤੇ ਸਿਹਤ ਸੇਵਾਵਾਂ ਤੇ ਖਰਚ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ 10 ਕਰੋੜ ਰੁਪਏ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਹਨ। ਇਸ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਨਿਗਮ ਅਧੀਨ ਆਉੂਦੀ ਡਿਸਪੈਂਸਰੀ ਅਤੇ ਚੰਡੀਗੜ੍ਹ ਨੂੰ ਰੇਬੀਜ ਫ੍ਰੀ ਬਣਾਉਣ ’ਤੇ ਕੋਵਿਡ ਸੈੱਸ ਖਰਚ ਕੀਤਾ ਜਾਵੇਗਾ। ਚੰਡੀਗੜ੍ਹ ਨਿਗਮ ਵੱਲੋਂ ਗੋਆ ਦੀ ਤਰਜ਼ ’ਤੇ ਚੰਡੀਗੜ੍ਹ ਨੂੰ ਵੀ ਰੇਬੀਜ਼ ਫਰੀ ਬਣਾਇਆ ਜਾ ਰਿਹਾ ਹੈ। ਇਹ ਪੈਸਾ ਇਸ ਪ੍ਰਾਜੈਕਟ ’ਤੇ ਵੀ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਵਿੱਤੀ ਸੰਕਟ ਦਾ ਹਵਾਲਾ ਦੇ ਕੇ ਨਿਗਮ ਵਿੱਚ ਜਿੰਦਾ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਭਾਜਪਾ ਦੇ ਕਾਰਜਕਾਲ ਵਿੱਚ ਬਿਨਾਂ ਕੋਈ ਟੈਕਸ ਲਗਾਏ ਵਿੱਤੀ ਸਥਿਤੀ ਨੂੰ ਮਜ਼ਬੂਤ ਕੀਤਾ ਗਿਆ ਹੈ।
ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਕਰੋਨਾ ਕਾਲ ਦੌਰਾਨ ਕਾਰਜਾਂ ਨੂੰ ਲੈ ਕੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਤੋਂ ਸਵਾਲ ਕਰਨ ਵਾਲੀ ਕਾਂਗਰਸ ਪਹਿਲਾਂ ਆਪਣੇ ਪੀੜ੍ਹੇ ਥੱਲੇ ਸੋਟਾ ਫੇਰੇ। ਕਾਂਗਰਸ ਸ਼ਹਿਰ ਵਾਸੀਆਂ ਨੂੰ ਰਿਪੋਰਟ ਜਾਰੀ ਕਰੇ ਅਤੇ ਦੱਸੇ ਕਿ ਉਨ੍ਹਾਂ ਨੇ ਕਰੋਨਾ ਕਾਲ ਵਿੱਚ ਕੀ-ਕੀ ਕੀਤਾ ਹੈ।