ਕਰਮਜੀਤ ਸਿੰਘ ਚਿੱਲਾ
ਬਨੂੜ, 4 ਜੁਲਾਈ
ਲੰਬੀ ਔੜ ਨਾਲ ਕਿਸਾਨਾਂ ਦੀਆਂ ਫ਼ਸਲਾਂ ਸੁੱਕਣ ਲੱਗੀਆਂ ਹਨ ਤੇ ਟਿਊਬਵੈੱਲ ਵੀ ਪਾਣੀ ਛੱਡਣ ਲੱਗ ਪਏ ਹਨ। ਮੀਂਹ ਦੀ ਲਗਾਤਾਰ ਲੰਮੀ ਹੋ ਰਹੀ ਉਡੀਕ ਨਾਲ ਅੰਨਦਾਤਾ ਡਾਢਾ ਪ੍ਰੇਸ਼ਾਨ ਹੈ।
ਬਨੂੜ ਖੇਤਰ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦਾ ਲਾਇਆ ਹੋਇਆ ਝੋਨਾ ਸੁੱਕਾ ਪਿਆ ਹੈ ਤੇ ਉਸ ਵਿੱਚ ਤਰੇੜਾਂ ਆ ਗਈਆਂ ਹਨ। ਬਹੁਤ ਸਾਰੇ ਕਿਸਾਨਾਂ ਦੇ ਮੀਂਹ ਨਾਲ ਝੋਨਾ ਲਾਉਣ ਦੀ ਉਡੀਕ ਵਿੱਚ ਖੇਤ ਖਾਲੀ ਪਏ ਹਨ ਅਤੇ ਉਨ੍ਹਾਂ ਨੂੰ ਝੋਨੇ ਦੀ ਪਨੀਰੀ ਖਰਾਬ ਹੋਣ ਦਾ ਫ਼ਿਕਰ ਲੱਗਿਆ ਪਿਆ ਹੈ।
ਜੂਨ ਵਿੱਚ ਪਏ ਭਰਵੇਂ ਮੀਂਹ ਨਾਲ ਕਿਸਾਨਾਂ ਵੱਲੋਂ ਬੀਜੀ ਗਈ ਚਰ੍ਹੀ ਤੇ ਬਾਜਰਾ ਆਦਿ ਵੀ ਸੁੱਕ ਰਹੇ ਹਨ। ਗੰਨੇ ਦੀ ਫ਼ਸਲ ਅਤੇ ਸਬਜ਼ੀਆਂ ਨੂੰ ਵੀ ਅਤਿ ਦੀ ਗਰਮੀ ਨਾਲ ਨੁਕਸਾਨ ਹੋ ਰਿਹਾ ਹੈ। ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਜਨਰੇਟਰ ਵੀ ਵਰਤ ਰਹੇ ਹਨ ਪਰ ਧਰਤੀ ਹੇਠਲੇ ਪਾਣੀ ਦੀ ਘਾਟ ਕਾਰਨ ਫ਼ਸਲਾਂ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੋਰ ਪਾਣੀ ਛੱਡ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਪਾਵਰ ਸਪਲਾਈ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਪਹਿਲਾਂ ਲੱਗੇ ਸੋਕੇ ਕਾਰਨ ਫ਼ਸਲਾਂ ਨੂੰ ਨੁਕਸਾਨ ਹੋ ਗਿਆ ਹੈ। ਮੀਂਹ ਨਾ ਪੈਣ ਕਾਰਨ ਮੱਕੀ ਦੀ ਫ਼ਸਲ ਦੀ ਬਿਜਾਈ ਵੀ ਪਛੜ ਰਹੀ ਹੈ। ਖੇਤੀਬਾੜੀ ਵਿਭਾਗ ਵੱਲੋਂ ਮੱਕੀ ਲਈ ਨਿਰਧਾਰਿਤ ਟੀਚਾ ਪੂਰਾ ਕਰਨਾ ਵੀ ਔਖਾ ਹੋ ਗਿਆ ਹੈ।
ਮੋਬਾਈਲਾਂ ਤੋਂ ਰੱਖਦੇ ਹਨ ਮੌਸਮ ਦੀ ਜਾਣਕਾਰੀ
ਕਿਸਾਨ ਭਾਈਚਾਰਾ ਹੁਣ ਮੌਸਮ ਸਬੰਧੀ ਮੋਬਾਈਲ ਤੋਂ ਜਾਣਕਾਰੀ ਲੈਂਦਾ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਮੌਨਸੂਨ ਪੰਜਾਬ ਵਿੱਚ ਦਸਤਕ ਦੇ ਦੇਵੇਗੀ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਹਫ਼ਤਾ ਆਪਣੀਆਂ ਫ਼ਸਲਾਂ ਬਚਾਉਣ ਲਈ ਤਰੱਦਦ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਧਰਤੀ ਹੇਠ ਡੂੰਘੇ ਹੁੰਦੇ ਜਾ ਰਹੇ ਪਾਣੀ ਨੂੰ ਵੇਖਦਿਆਂ ਪੰਜਾਬ ਵਿੱਚ ਖੇਤੀਬਾੜੀ ਲਈ ਨਹਿਰੀ ਪਾਣੀ ਦਾ ਹੋਰ ਪ੍ਰਬੰਧ ਕਰਨਾ ਚਾਹੀਦਾ ਹੈ।