ਆਤਿਸ਼ ਗੁਪਤਾ
ਚੰਡੀਗੜ੍ਹ, 26 ਜੂਨ
ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ’ਤੇ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਰੋਕਾਂ ਤੋੜਦੀਆਂ ਚੰਡੀਗੜ੍ਹ ਪਹੁੰਚ ਗਈਆਂ। ਇਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਰਾਜ ਭਵਨ ਦੇ ਨਜ਼ਦੀਕ ਪਹੁੰਚ ਗਏ। ਆਖਰ ਕਿਸਾਨਾਂ ਨੇ ਰਾਜ ਭਵਨ ਤੋਂ ਕੁਝ ਦੂਰੀ ’ਤੇ ਸਥਿਤ ਸੈਕਟਰ 18 ਦੇ ਪ੍ਰੈੱਸ ਚੌਕ ਵਿੱਚ ਡੇਰੇ ਲਾ ਗਏ ਜਿੱਥੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਮੁਤਾਬਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੁਹਾਲੀ ਗੁਰਦੁਆਰਾ ਅੰਬ ਸਾਹਿਬ ਤੋਂ ਇਕੱਠੀਆਂ ਹੋ ਕੇ 12.15 ਵਜੇ ਦੇ ਕਰੀਬ ਚੰਡੀਗੜ੍ਹ ਵੱਲ ਵਧੀਆਂ ਜਿਨ੍ਹਾਂ ਨੂੰ ਪੁਲੀਸ ਨੇ ਰੋਕਣ ਲਈ ਸੈਕਟਰ-51/52 ਵਾਲੀ ਸੜਕ ’ਤੇ ਦੋ ਬੈਰੀਕੇਡ ਲਗਾਏ ਸਨ। ਕਿਸਾਨ ਜਥੇਬੰਦੀਆਂ ਸ਼ਾਂਤਮਈ ਢੰਗ ਨਾਲ ਦੋਵੇਂ ਬੈਰੀਕੇਡ 12.40 ਮਿੰਟ ਦੇ ਕਰੀਬ ਤੋੜ ਕੇ ਰਾਜ ਭਵਨ ਵੱਲ ਵਧੀਆਂ। ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ’ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਉਸ ਤੋਂ ਬਾਅਦ ਕਿਸਾਨ ਸੈਕਟਰ-34/35 ਅਤੇ 17/18 ਵਾਲੀ ਸੜਕ ਤੋਂ ਗੁਜ਼ਰਦੇ ਹੋਏ ਪ੍ਰੈੱਸ ਚੌਕ ਵਿੱਚ ਪਹੁੰਚ ਗਏ ਜਿੱਥੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਸੜਕ ਵਿਚਕਾਰ ਬੱਸਾਂ ਲਾਈਆਂ ਹੋਈਆਂ ਸਨ ਜਿਸ ਦਾ ਕਿਸਾਨ ਆਗੂਆਂ ਨੇ ਵਿਰੋਧ ਕੀਤਾ। ਕਿਸਾਨਾਂ ਦੇ ਗੁੱਸੇ ਦੇ ਚੱਲਦਿਆਂ ਸਥਿਤੀ ਟਕਰਾਅ ਵਾਲੀ ਬਣ ਗਈ ਅਤੇ ਇੱਕ ਬੱਸ ਦਾ ਸ਼ੀਸ਼ਾ ਵੀ ਟੁੱਟ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਸੂਝ-ਬੂਝ ਅਤੇ ਟੀਮ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਡੀਸੀ ਮਨਦੀਪ ਸਿੰਘ ਬਰਾੜ ਕਿਸਾਨਾਂ ਦਾ ਰੋਸ ਪੱਤਰ ਲੈਣ ਪਹੁੰਚੇ। ਉਹ ਕਿਸਾਨਾਂ ਤੋਂ ਰੋਸ ਪੱਤਰ ਲੈ ਕੇ ਰਾਜਪਾਲ ਨੂੰ ਦੇਣ ਲਈ ਰਵਾਨਾ ਹੋ ਗਏ।
ਕਿਸਾਨ ਅੰਦੋਲਨ ਕਾਰਨ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ
‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਸਬੰਧੀ ਚੰਡੀਗੜ੍ਹ ਪੁਲੀਸ ਨੇ ਪਹਿਲਾਂ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਪੁਲੀਸ ਨੇ ਕਿਸਾਨਾਂ ਦੇ ਰਾਜ ਭਵਨ ਵੱਲ ਵਧਣ ਦੇ ਨਾਲ-ਨਾਲ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਜਿਸ ਨਾਲ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਅੰਦੋਲਨ ਬਹੁਤ ਦੀ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਹੋਣ ਕਰਕੇ ਅਤੇ ਪੁਲੀਸ ਦੀ ਵਿਉਤਬੰਦੀ ਕਰਕੇ ਸ਼ਹਿਰ ਵਿੱਚ ਆਵਾਜਾਈ ਆਮ ਵਾਂਗ ਜਾਰੀ ਰਹੀ।
ਐੱਸਐੱਸਪੀ ਨੇ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ
ਕਿਸਾਨ ਜਥੇਬੰਦੀਆਂ ਵੱਲੋਂ ਰਾਜ ਭਵਨ ਵੱਲ ਰੋਸ ਮਾਰਚ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਸਵੇਰ ਤੋਂ ਹੀ ਮੌਕਾ ਸਾਂਭ ਰੱਖਿਆ ਸੀ। ਉਨ੍ਹਾਂ ਕਿਸਾਨ ਆਗੂਆਂ ਨਾਲ ਤਾਲਮੇਲ ਕਰਕੇ ਸ਼ਹਿਰ ਵਿੱਚ ਅਮਨ ’ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖੀ। ਕਿਸਾਨ ਜਥੇਬੰਦੀਆਂ ਦੇ ਰੋਸ ਪੱਤਰ ਦੇ ਕੇ ਵਾਪਸੀ ਤੋਂ ਬਾਅਦ ਐੱਸਐੱਸਪੀ ਨੇ ਸਾਰੇ ਮੁਲਾਜ਼ਮਾਂ ਦੀ ਡਿਊਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਦੇ ਆਪਸੀ ਤਾਲਮੇਲ ਨਾਲ ਦਿਨ ਭਰ ਹਾਲਾਤ ਕਾਬੂ ਹੇਠ ਰਹੇ।
ਖਰੜ ਵਿੱਚ ਮਜ਼ਦੂਰਾਂ ਦੀ ਤਿਆਰੀ ਰਹਿ ਗਈ ‘ਧਰੀ ਧਰਾਈ’
ਖਰੜ (ਸ਼ਸ਼ੀ ਪਾਲ ਜੈਨ): ਸ਼ਹਿਰ ਦੇ ਲੇਬਰ ਚੌਕ ਦੇ ਮਜ਼ਦੂਰਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਕੀਤੀ ਗਈ ਤਿਆਰੀ ਉਸ ਸਮੇਂ ਧਰੀ-ਧਰਾਈ ਰਹਿ ਗਈ ਜਦੋਂ ਭਾਗੋਮਾਜਰਾ ਟੌਲ ਪਲਾਜ਼ਾ ਕੈਂਪ ਦੇ ਕਿਸਾਨ ਉਨ੍ਹਾਂ ਬਿਨਾਂ ਹੀ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਜਾਣਕਾਰਕੀ ਮੁਤਾਬਕ ਸੀਟੂ ਪੰਜਾਬ ਦੀ ਅਗਵਾਈ ਹੇਠ ਭਾਰਤੀ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਖਰੜ ਦੇ ਆਗੂ ਕਿਸਾਨਾਂ ਦੇ ਸਮਰਥਨ ਵਿੱਚ ਲੇਬਰ ਚੌਕ ਖਰੜ ਵਿੱਚ ਇਕੱਤਰ ਹੋਏ ਸਨ। ਕਿਸਾਨ ਆਗੂਆਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਗਿਆ ਸੀ ਕਿ ਇਸ ਸਾਂਝੇ ਐਕਸ਼ਨ ਵਿੱਚ ਮਜ਼ਦੂਰਾਂ ਦੀ ਭਾਈਵਾਲੀ ਨੂੰ ਧਿਆਨ ਵਿੱਚ ਰੱਖ ਕੇ ਕਾਫਲੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਲੇਬਰ ਚੌਕ ਖਰੜ ਦੇ ਮਜ਼ਦੂਰਾਂ ਨੂੰ ਰਾਹ ਵਿੱਚ ਖੜ੍ਹੇ ਛੱਡ ਕੇ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਮੁੱਲਾਂਪੁਰ: ਦਾਖ਼ਲਾ ਪੁਆਇੰਟਾਂ ’ਤੇ ਤਾਇਨਾਤ ਰਹੀ ਪੁਲੀਸ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਸੰਯੁਕਤ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਸਬੰਧੀ ਚੰਡੀਗੜ੍ਹ ਕੂਚ ਦੇ ਸੱਦੇ ਦੇ ਮੱਦੇਨਜ਼ਰ ਅੱਜ ਸਾਰਾ ਦਿਨ ਪਿੰਡ ਮੁੱਲਾਂਪੁਰ ਗਰੀਬਦਾਸ ਬੈਰੀਅਰ ’ਤੇ ਚੰਡੀਗੜ੍ਹ ਦੀ ਟਰੈਫਿਕ ਪੁਲੀਸ ਵੱਲੋਂ ਮਿੱਟੀ ਦੇ ਭਰੇ ਟਿੱਪਰਾਂ ਨੂੰ ਖੜ੍ਹਾ ਕੇ ਬੈਰੀਕੇਡ ਲਗਾਏ ਗਏ ਤਾਂ ਕਿ ਕਿਸਾਨ ਨਿਊ ਚੰਡੀਗੜ੍ਹ ਵਾਲੇ ਰਸਤੇ ਰਾਹੀਂ ਚੰਡੀਗੜ੍ਹ ਸ਼ਹਿਰ ਵਿੱਚ ਦਾਖਲ ਨਾ ਹੋ ਸਕਣ। ਜਾਣਕਾਰੀ ਅਨੁਸਾਰ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ, ਖੁੱਡਾ ਲਾਹੌਰਾ, ਸਾਰੰਗਪੁਰ, ਤੋਗਾਂ, ਧਨਾਸ ਅਤੇ ਕਾਂਸਲ ਵੱਲ ਤੋਂ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਵਾਲੇ ਪੁਆਇੰਟਾਂ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ।