ਜਗਮੋਹਨ ਸਿੰਘ
ਰੂਪਨਗਰ, 21 ਮਾਰਚ
ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਜਿੱਥੇ ਰੂਪਨਗਰ ਜ਼ਿਲ੍ਹੇ ਅੰਦਰ ਨਾਜਾਇਜ਼ ਖਣਨ ਦਾ ਧੰਦਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਬੰਦ ਕਰਵਾ ਦਿੱਤਾ ਹੈ, ਉੱਥੇ ਹੀ ਖਣਨ ਠੇਕੇਦਾਰਾਂ ਦੀਆਂ ਖੱਡਾਂ ਤੋਂ ਵੀ ਖਣਨ ਮਟੀਰੀਅਲ ਨਾ ਮਿਲਣ ਕਾਰਨ ਕਰੱਸ਼ਰ ਇੰਡਸਟਰੀ ਨੂੰ ਬਰੇਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜ਼ਿਲ੍ਹੇ ਅੰਦਰ ਬਹੁਤ ਸਾਰੇ ਸਟੋਨ ਕਰੱਸ਼ਰਾਂ ਤੇ ਕੱਚੇ ਮਾਲ ਦੀ ਘਾਟ ਪੈਦਾ ਹੋ ਗਈ ਹੈ। ਸਟੋਨ ਕਰੱਸ਼ਰ ਬੰਦ ਹੋ ਜਾਣ ਕਾਰਨ ਕਰੱਸ਼ਰ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਦੀ ਅਦਾਇਗੀ ਕਰਨੀ ਔਖੀ ਹੋ ਗਈ ਹੈ ਅਤੇ ਬਹੁਤੇ ਕਰੱਸ਼ਰ ਮਾਲਕ ਤਾਂ ਬਿਜਲੀ ਦੇ ਬਿੱਲ ਭਰਨ ਤੋਂ ਵੀ ਅਸਮਰੱਥ ਹੋ ਚੁੱਕੇ ਹਨ, ਜਿਸ ਕਰਕੇ ਮਹਿਕਮਾ ਪਾਵਰਕਾਮ ਨੇ ਸਟੋਨ ਕਰੱਸ਼ਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਅੰਦਰ 200 ਤੋਂ ਵਧੇਰੇ ਸਟੋਨ ਕਰੱਸ਼ਰ ਲੱਗੇ ਹੋਏ ਹਨ ਅਤੇ ਇਨ੍ਹਾਂ ਸਟੋਨ ਕਰੱਸ਼ਰਾਂ ਨੂੰ ਕੱਚੇ ਮਾਲ ਦੀ ਪੂਰਤੀ ਲਈ 5 ਖਣਨ ਦੀਆਂ ਖੱਡਾਂ ਪੰਜਾਬ ਸਰਕਾਰ ਦੁਆਰਾ ਠੇਕੇਦਾਰਾਂ ਨੂੰ ਨਿਲਾਮ ਕੀਤੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਲਗਭਗ 10 ਡੀ-ਸਿਲਟਿੰਗ ਸਾਈਟਾਂ ਵੀ ਸਰਕਾਰ ਨੇ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਹੋਈਆਂ ਹਨ। ਸਰਕਾਰੀ ਨਿਯਮਾਂ ਅਨੁਸਾਰ ਭਾਵੇਂ ਖਣਨ ਠੇਕੇਦਾਰਾਂ ਨੇ ਆਪਣੀਆਂ ਮਨਜ਼ੂਰਸ਼ੁਦਾ ਖੱਡਾਂ ਤੋਂ ਕੱਚੇ ਮਾਲ ਦੀ ਸਪਲਾਈ ਕਰਨੀ ਹੁੰਦੀ ਹੈ, ਪਰ ਪਿਛਲੇ ਸਮੇਂ ਦੌਰਾਨ ਅਜਿਹਾ ਸੰਭਵ ਨਹੀਂ ਹੋ ਸਕਿਆ। ਹੁਣ ‘ਆਪ’ ਸਰਕਾਰ ਬਣਨ ਉਪਰੰਤ ਜਿੱਥੇ ਜ਼ਿਲ੍ਹੇ ਅੰਦਰ ਕਥਿਤ ਨਾਜਾਇਜ਼ ਖਣਨ ਨੂੰ ਠੱਲ੍ਹ ਪੈ ਚੁੱਕੀ ਹੈ, ਉੱਥੇ ਹੀ ਖਣਨ ਠੇਕੇਦਾਰਾਂ ਲਈ ਵੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋ ਜਾਵੇਗੀ। ਜ਼ਿਲ੍ਹਾ ਰੂਪਨਗਰ ਦੇ ਖਣਨ ਠੇਕੇਦਾਰ ਆਪਣੀਆਂ 31 ਮਾਰਚ 2023 ਤੱਕ ਅਲਾਟ ਕਰਵਾਈਆਂ ਖੱਡਾਂ ਵਿੱਚੋਂ ਕੱਚਾ ਮਾਲ ਕਰੱਸ਼ਰ ਮਾਲਕਾਂ ਨੂੰ ਮੁਹੱਈਆ ਕਰਵਾ ਪਾਉਂਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਫਿਲਹਾਲ ਖਣਨ ਠੇਕੇਦਾਰਾਂ ਦੀਆਂ ਖੱਡਾਂ ਤੇ ਡੀ-ਸਿਲਟਿੰਗ ਸਾਈਟਾਂ ਬੰਦ ਪਈਆਂ ਹਨ। ਉੱਧਰ ਕਰੱਸ਼ਰ ਮਾਲਕ ਪੰਜਾਬ ਸਰਕਾਰ ਤੋਂ ਨਵੀਂ ਖਣਨ ਪਾਲਿਸੀ ਬਣਾ ਕੇ ਠੇਕੇਦਾਰਾਂ ਨੂੰ ਇਸ ਕਾਰੋਬਾਰ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ।
ਪੰਜ ਖੱਡਾਂ ਤੇ 10 ਡੀ-ਸਿਲਟਿੰਗ ਸਾਈਟਾਂ ਚਾਲੂ: ਖਣਨ ਵਿਭਾਗ
ਖਣਨ ਵਿਭਾਗ ਰੂਪਨਗਰ ਦੇ ਐੱਸ.ਡੀ.ਓ. ਨਵਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਅੰਦਰ 5 ਖਣਨ ਦੀਆਂ ਖੱਡਾਂ ਅਤੇ ਲਗਭਗ 10 ਡੀ-ਸਿਲਟਿੰਗ ਸਾਈਟਾਂ ਤੋਂ ਠੇਕੇਦਾਰਾਂ ਦੁਆਰਾ ਕਰੱਸ਼ਰ ਮਾਲਕਾਂ ਤੇ ਆਮ ਜਨਤਾ ਨੂੰ ਰੇਤਾ ਤੇ ਗਰੈਵਰ ਮੁਹੱਈਆ ਕਰਵਾਇਆ ਜਾ ਰਿਹਾ ਹੈ।