ਜਗਮੋਹਨ ਸਿੰਘ
ਘਨੌਲੀ, 21 ਸਤੰਬਰ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖਣਨ ਦੇ ਕਾਰੋਬਾਰ ਵਿੱਚੋਂ ਠੇਕੇਦਾਰਾਂ ਨੂੰ ਆਊਟ ਕਰਨ ਸਬੰਧੀ ਆਏ ਬਿਆਨ ਦਾ ਕਰੱਸ਼ਰ ਮਾਲਕਾਂ ਨੇ ਸਵਾਗਤ ਕੀਤਾ ਹੈ। ਇਸ ਬਿਆਨ ਤੋਂ ਬਾਅਦ ਅੱਜ ਕਰੱਸ਼ਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਭਰਤਗੜ੍ਹ ਅਤੇ ਨੰਗਲ ਸਰਸਾ ਜ਼ੋਨ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਸਿੰਘ ਬੇਲੀ, ਮੈਂਬਰਾਂ ਹਰਭਜਨ ਸਿੰਘ ਸਰਪੰਚ ਕੋਟਬਾਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਆਸਪੁਰ, ਤਜਿੰਦਰਪਾਲ ਸਿੰਘ, ਰਤਨ ਸਿੰਘ, ਚਰਨਜੀਤ ਸਿੰਘ ਰਿੰਕੂ ਨੰਗਲ ਸਰਸਾ ਅਤੇ ਹੋਰ ਕਰੱਸ਼ਰ ਮਾਲਕਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਸਸਤਾ ਰੇਤਾ ਬਜਰੀ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ, ਪਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਰੇਤੇ ਦੀਆਂ ਖੱਡਾਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਨੇ ਰਾਇਲਿਟੀ ਦੇ ਰੇਟਾਂ ਵਿੱਚ ਕਈ ਗੁਣਾਂ ਵਾਧਾ ਕਰ ਦਿੱਤਾ ਸੀ, ਜਿਸ ਕਰਕੇ ਰੇਤੇ ਬਜਰੀ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇ ਸ੍ਰੀ ਚੰਨੀ ਦਾ ਐਲਾਨ ਅਮਲੀ ਰੂਪ ਵਿੱਚ ਲਾਗੂ ਹੁੰਦਾ ਹੈ ਤਾਂ ਆਮ ਜਨਤਾ ਨੂੰ ਫਾਇਦਾ ਮਿਲੇਗਾ।