ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੂਨ
ਸੀ.ਟੀ.ਯੂ. ਵਰਕਰਜ਼ ਯੂਨੀਅਨ ਦੀ ਸਾਲ 2022-23 ਲਈ ਹੋਈ ਚੋਣ ਵਿੱਚ ਭਾਵੇਂ ਤਿਕੋਣਾ ਮੁਕਾਬਲਾ ਸੀ ਪ੍ਰੰਤੂ ‘ਰੇਲ ਇੰਜਣ’ ਪੈਨਲ ਨਾਲ ਫਸਵੀਂ ਟੱਕਰ ਵਿੱਚ ‘ਸ਼ੇਰ’ ਪੈਨਲ ਜੇਤੂ ਰਿਹਾ। ਜਸਵੰਤ ਸਿੰਘ ਵੈਲਡਰ ਨੂੰ ਪ੍ਰਧਾਨ, ਸਬ-ਇੰਸਪੈਕਟਰ ਸਤਿੰਦਰ ਸਿੰਘ ਨੂੰ ਜਨਰਲ ਸਕੱਤਰ, ਗੁਲਾਬ ਸਿੰਘ ਨੂੰ ਮੀਤ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਕੰਡਕਟਰ ਨੂੰ ਕੈਸ਼ੀਅਰ ਚੁਣੇ ਗਏ।
ਯੂਨੀਅਨ ਦੀ ਚੋਣ ਲਈ ਨਿਯੁਕਤ ਚੋਣ ਕਮਿਸ਼ਨਰ ਮਲਕੀਅਤ ਸਿੰਘ ਪਪਨੇਜਾ, ਡਿਪਟੀ ਚੋਣ ਕਮਿਸ਼ਨਰ ਹਰਜੀਤ ਸਿੰਘ ਜੂਨੀਅਰ ਅਸਿਸਟੈਂਟ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ ਕੁੱਲ 1402 ਵੋਟਾਂ ਵਿੱਚੋਂ 1265 ਵੋਟਾਂ ਪੋਲ ਹੋਈਆਂ। 10 ਵੋਟਾਂ ਰੱਦ ਹੋਈਆਂ। ਜੇਤੂ ‘ਸ਼ੇਰ’ ਪੈਨਲ ਨੇ 576, ‘ਰੇਲ ਇੰਜਣ’ ਨੇ 551 ਜਦਕਿ ਕਰਾਸ ਮਸ਼ਾਲ ਨੇ 128 ਵੋਟਾਂ ਹਾਸਿਲ ਕੀਤੀਆਂ। ਨਤੀਜੇ ਦਾ ਐਲਾਨ ਹੁੰਦੇ ਹੀ ‘ਸ਼ੇਰ’ ਪੈਨਲ ਵੱਲੋਂ ਢੋਲ ਦੀ ਥਾਪ ਉਤੇ ਭੰਗੜੇ ਪਾਏ ਗਏ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਦਫ਼ਤਰਾਂ ਵਿੱਚ ਘੁੰਮ ਕੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਜਸਵੰਤ ਸਿੰਘ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਸੀ.ਟੀ.ਯੂ. ਵਿੱਚ ਕਿਲੋਮੀਟਰ ਸਕੀਮ ਵਿੱਚ ਪ੍ਰਾਈਵੇਟ ਬੱਸਾਂ ਲੈਣ ਦੇ ਫ਼ੈਸਲੇ ਦਾ ਵਿਰੋਧ ਕਰੇਗੀ ਅਤੇ 417 ਬੱਸਾਂ ਦਾ ਮਨਜ਼ੂਰਸ਼ੁਦਾ ਫਲੀਟ ਪੂਰਾ ਕਰਵਾਉਣ ਲਈ ਯਤਨਸ਼ੀਲ ਰਹੇਗੀ। ਇਸ ਦੇ ਨਾਲ ਹੀ ਸਰਕਾਰੀ ਬੱਸਾਂ ਦੀ ਖਰੀਦ ਕਰਵਾਉਣ ਅਤੇ ਅਦਾਰੇ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਉਣ ਦੇ ਯਤਨ ਵੀ ਕੀਤੇ ਜਾਣਗੇ।
ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ : ਰਾਹੀ
ਵਿਰੋਧੀ ਧਿਰ ਦੇ ਉਮੀਦਵਾਰ ਧਰਮਿੰਦਰ ਸਿੰਘ ਰਾਹੀ, ਨਾਇਬ ਸਿੰਘ, ਜੋਗਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਚਰਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਵੋਟਰਾਂ ਅਤੇ ਸਮਰਥਕਾਂ ਨਾਲ ਪੂਰੀ ਤਰ੍ਹਾਂ ਡੱਟ ਕੇ ਖੜ੍ਹਦੇ ਰਹਿਣਗੇ। ਉਨ੍ਹਾਂ ਨਵ-ਨਿਯੁਕਤ ‘ਸ਼ੇਰ’ ਪੈਨਲ ਦੀ ਟੀਮ ਨੂੰ ਤਾੜਨਾ ਕੀਤੀ ਕਿ ਜੇਕਰ ਪਾਰਟੀਬਾਜ਼ੀ ਤਹਿਤ ਕਿਸੇ ਵੀ ਵਰਕਰ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।