ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ’ਚ ਡਰਾਈਵਰ ਤੇ ਕੰਡਕਟਰ ਦੀਆਂ 177 ਅਸਾਮੀਆਂ ਲਈ ਲਗਭਗ 70,000 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਸੀਟੀਯੂ ਨੇ ਸਿੱਧੀ ਭਰਤੀ ਰਾਹੀਂ ਬੱਸ ਕੰਡਕਟਰਾਂ ਦੀਆਂ 131 ਖਾਲੀ ਅਸਾਮੀਆਂ ਅਤੇ ਬੱਸ ਡਰਾਈਵਰਾਂ ਦੀਆਂ 46 ਖਾਲੀ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਸਨ। ਇਸ ਤਹਿਤ 10 ਅਪਰੈਲ ਤੱਕ ਅਰਜ਼ੀਆਂ ਮੰਗੀਆਂ ਗਈਆਂ ਸਨ ਤੇ ਭਲਕੇ ਸ਼ਹਿਰ ਵਿੱਚ ਲਿਖਤੀ ਪ੍ਰੀਖਿਆ ਲਈ ਜਾਵੇਗੀ।
ਸੀਟੀਯੂ ਦੇ ਅਧਿਕਾਰੀ ਨੇ ਕਿਹਾ ਕਿ ਸੀਟੀਯੂ ’ਚ ਕੰਡਕਟਰ ਦੀ ਇੱਕ ਪੋਸਟ ਲਈ 450 ਉਮੀਦਵਾਰ ਆਹਮੋ-ਸਾਹਮਣੇ ਹਨ। ਜਦੋਂ ਕਿ ਡਰਾਈਵਰ ਦੀ ਅਸਾਮੀ ਲਈ 260 ਉਮੀਦਵਾਰ ਆਹਮੋ-ਸਾਹਮਣੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੰਡਕਟਰ ਦੀਆਂ 131 ਅਸਾਮੀਆਂ ਲਈ 58,000 ਉਮੀਦਵਾਰ ਪ੍ਰੀਖਿਆ ਦੇਣਗੇ ਤੇ ਡਰਾਈਵਰ ਦੀਆਂ 46 ਅਸਾਮੀਆਂ ਲਈ 12,000 ਬਿਨੈਕਾਰ ਪ੍ਰੀਖਿਆ ਦੇਣਗੇ। ਕੰਡਕਟਰ ਦੀ ਪ੍ਰੀਖਿਆ 99 ਕੇਂਦਰਾਂ ’ਤੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ, ਜਦਕਿ ਡਰਾਈਵਰ ਦੀ ਪ੍ਰੀਖਿਆ ਚੰਡੀਗੜ੍ਹ ਦੇ 37 ਕੇਂਦਰਾਂ ’ਤੇ ਦੁਪਹਿਰ 2.30 ਤੋਂ ਸ਼ਾਮ 4.30 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਕੇਂਦਰ ਵਿੱਚ ਰਿਪੋਰਟ ਕਰਨੀ ਪਵੇਗੀ। ਬੱਸ ਕੰਡਕਟਰਾਂ ਲਈ ਜਨਰਲ ਵਰਗ ਦੀ 61 ਅਸਾਮੀਆਂ, ਅਨੁਸੂਚਿਤ ਜਾਤੀ ਲਈ 23 ਅਸਾਮੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਲਈ 35 ਅਸਾਮੀਆਂ, ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ 12 ਅਸਾਮੀਆਂ ਕੱਢੀਆਂ ਗਈਆਂ ਹਨ। ਇਸੇ ਤਰ੍ਹਾਂ ਹੈਵੀ ਬੱਸ ਡਰਾਈਵਰਾਂ ਦੀਆਂ ਅਸਾਮੀਆਂ ਵਿੱਚ ਜਨਰਲ ਵਰਗ ਲਈ 22 ਅਸਾਮੀਆਂ, ਅਨੁਸੂਚਿਤ ਜਾਤੀ ਲਈ 8 ਅਸਾਮੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਲਈ 12 ਅਸਾਮੀਆਂ ਲਈ ਰਾਖਵੀਂਆਂ ਹਨ।