ਕੁਲਦੀਪ ਸਿੰਘ
ਚੰਡੀਗੜ੍ਹ, 18 ਸਤੰਬਰ
ਸੀਟੀਯੂ ਕੰਡਕਟਰਜ਼ ਯੂਨੀਅਨ ਦੀ ਮੀਟਿੰਗ ਸੈਕਟਰ-25 ਸਥਿਤ ਡਿੱਪੂ ਨੰਬਰ-3 ਵਿੱਚ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਕਨਵੈਨਸ਼ਨ ਵਿੱਚ ਸੀਟੀਯੂ ਦੇ 20 ਡੈਲੀਗੇਟਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ।
ਯੂਨੀਅਨ ਪ੍ਰਧਾਨ ਦਵਿੰਦਰ ਸਿੰਘ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰ ਕੇ ਸੰਘਰਸ਼ ਦੀ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਊਟਸੋਰਸਡ ਮੁਲਾਜ਼ਮਾਂ ਦੀ ਇਸ ਸਮੇਂ ਸਭ ਤੋਂ ਵੱਡੀ ਮੰਗ ‘ਬਰਾਬਰ ਕੰਮ-ਬਰਾਬਰ ਤਨਖ਼ਾਹ’ ਹੈ। ਸੀਟੀਯੂ ਵਿੱਚ ਵੀ ਵੱਡੀ ਗਿਣਤੀ ਡਰਾਈਵਰ, ਕੰਡਕਟਰ ਅਤੇ ਟੈਕਨੀਕਲ ਸਟਾਫ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਹਨ। ਯੂਨੀਅਨ ਨੇ ਉਨ੍ਹਾਂ ਨੂੰ ਬਰਾਬਰ ਤਨਖ਼ਾਹ ਦੇਣ ਲਈ ਕਈ ਵਾਰ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਮਸਲਾ ਹੱਲ ਨਹੀਂ ਹੋਇਆ। ਹੁਣ ਯੂਟੀ ਪ੍ਰਸ਼ਾਸਨ ਕੋਲ ਇਹ ਮਸਲਾ ਪੂਰੇ ਜ਼ੋਰ-ਸ਼ੋਰ ਨਾਲ ਰੱਖਿਆ ਜਾਵੇਗਾ ਜਿਸ ਵਿੱਚ ਸੀਟੀਯੂ ਵਿੱਚ ਕੰਮ ਕਰਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੀ ਮੰਗ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਕਾਮਨ ਕੇਡਰ ਦੇ ਕਰਮਚਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਕਈ ਸ਼੍ਰੇਣੀਆਂ ਨੂੰ ਪਬਲਿਕ ਗ੍ਰੇਡ-ਪੇਅ ਦੇ ਪੱਧਰ ਵਿੱਚ ਰੱਖਿਆ ਹੈ ਜਦੋਂਕਿ ਮੰਗ ਹੈ ਕਿ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਨੂੰ 2800 ਗਰੇਡ ਪੇਅ ਦਿੱਤਾ ਜਾਵੇ।