ਕੁਲਦੀਪ ਸਿੰਘ
ਚੰਡੀਗੜ੍ਹ, 23 ਜੂਨ
ਸੀਟੀਯੂ ਵਰਕਰਜ਼ ਯੂਨੀਅਨ, ਕੰਡਕਟਰਜ਼ ਯੂਨੀਅਨ, ਐਂਪਲਾਈਜ਼ ਯੂਨੀਅਨ ਅਤੇ ਸੀਟੀਯੂ ਐਸਸੀ/ਬੀਸੀ ਐਸੋਸੀਏਸ਼ਨ ਵੱਲੋਂ ਅੱਜ ਸੀਟੀਯੂ ਦੇ ਡਿੱਪੂ ਨੰਬਰ-1 ਵਿੱਚ ਨਿੱਜੀਕਰਨ ਖ਼ਿਲਾਫ਼ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੂੰ ਡਾਇਰੈਕਟਰ ਟਰਾਂਸਪੋਰਟ ਨੇ ਮੀਟਿੰਗ ਲਈ ਬੁਲਾਇਆ ਤੇ ਭਰੋਸਾ ਦਿੱਤਾ ਕਿ ਮੁਲਾਜ਼ਮ ਮੰਗਾਂ ਦੇ ਸਬੰਧ ਵਿੱਚ ਜਲਦ ਹੀ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਨਾਲ ਮੀਟਿੰਗ ਕਰ ਕੇ ਕੋਈ ਹੱਲ ਕੱਢ ਲਿਆ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਵਿੱਚ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ ਤੇ ਤੇਜਵੀਰ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ ਕੰਡਮ ਬੱਸਾਂ ਦੀ ਥਾਂ ਨਵੀਆਂ 41 ਐਚਏਵੀਸੀ ਬੱਸਾਂ ਦੇ ਟੈਂਡਰ ਨੂੰ ਰੋਕ ਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕੰਡਮ ਬੱਸਾਂ ਦੀ ਥਾਂ ਨਵੀਆਂ ਬੱਸਾਂ ਖ਼ਰੀਦਣ ਲਈ ਬਜਟ ਜਾਰੀ ਕੀਤਾ ਗਿਆ ਹੈ ਪਰ ਯੂਟੀ ਪ੍ਰਸ਼ਾਸਨ ਆਪਣੇ ਲਾਭ ਲਈ ਪ੍ਰਾਈਵੇਟ ਕੰਪਨੀ ਤੋਂ ਕਿਲੋਮੀਟਰ ਸਕੀਮ ਵਿੱਚ ਬਿਜਲੀ ਬੱਸਾਂ ਲੈਣ ਲਈ ਤਰਲੋਮੱਛੀ ਹੋਇਆ ਪਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਨਵੀਆਂ ਖ਼ਰੀਦੀਆਂ ਜਾਣ ਵਾਲੀਆਂ ਬਿਜਲੀ ਬੱਸਾਂ ’ਚ ਇੱਕ ਬੱਸ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਹੈ। ਇਸ ਵਿੱਚ ਕੇਵਲ 22 ਸਵਾਰੀਆਂ ਹੀ ਸਫ਼ਰ ਕਰ ਸਕਦੀਆਂ ਹਨ। ਦੂਜੇ ਪਾਸੇ, ਜਿਹੜੀਆਂ ਸੀਟੀਯੂ ਦੀਆਂ ਬੱਸਾਂ ਲਈ ਬਜਟ ਮਿਲਿਆ ਹੋਇਆ ਹੈ, ਉਨ੍ਹਾਂ ਬੱਸਾਂ ਦੀ ਕੀਮਤ ਕੇਵਲ 35-40 ਲੱਖ ਹੈ ਇਨ੍ਹਾਂ ਵਿੱਚ 52 ਤੋਂ ਲੈ ਕੇ 60 ਸਵਾਰੀਆਂ ਸਫ਼ਰ ਕਰ ਸਕਦੀਆਂ ਹਨ। ਸੀਟੀਯੂ ਅਦਾਰੇ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਡਰਾਈਵਰਾਂ, ਕੰਡਕਟਰਾਂ ਅਤੇ ਵਰਕਸ਼ਾਪ ਦੇ ਕਾਮਿਆਂ ਦੀਆਂ ਲਗਭਗ 700 ਅਸਾਮੀਆਂ ਖਾਲੀ ਪਈਆਂ ਹਨ ਪਰ ਭਰਤੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਸਾਂਝੇ ਮੰਚ ਦੀਆਂ ਚਾਰੇ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸੀਟੀਯੂ ਅਦਾਰੇ ਵਿੱਚ ਸੁਧਾਰ ਦੇ ਨਾਂ ’ਤੇ ਨਾਜਾਇਜ਼ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਆਗੂਆਂ ਨੇ ਡਾਇਰੈਕਟਰ ਟਰਾਂਸਪੋਰਟ ਤੋਂ ਮਿਲੇ ਭਰੋਸੇ ਤੋਂ ਬਾਅਦ 25 ਜੂਨ ਦੇ ਚੱਕਾ ਜਾਮ ਦਾ ਪ੍ਰੋਗਰਾਮ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਮੁਲਾਜ਼ਮ ਪੂਰੇ ਦਿਨ ਲਈ ਬੱਸਾਂ ਦਾ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ।