ਪੱਤਰ ਪ੍ਰੇਰਕ
ਚੰਡੀਗੜ੍ਹ, 16 ਸਤੰਬਰ
ਇਥੇ ਸੀਟੀਯੂ ਵਰਕਰਜ਼ ਯੂਨੀਅਨ ਦੀ ਲੀਡਰਸ਼ਿਪ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਪੰਜਾਬ ਸਿਵਲ ਸਕੱਤਰੇਤ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਾਈਵੇਟ ਬੱਸ ਮਾਫ਼ੀਆ ਵਰਗੇ ਬਹੁਤ ਸਾਰੇ ਅਹਿਮ ਮੁੱਦਿਆਂ ਉੱਪਰ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਯੂਟੀਐੱਸਐੱਸ ਫੈੱਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੰਸ, ਯੂਨੀਅਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭਾਂਖਰਪੁਰ ਅਤੇ ਸੀਨੀਅਰ ਆਗੂ ਜੋਗਿੰਦਰ ਸਿੰਘ ਸ਼ਾਮਲ ਹੋਏ। ਵਿਭਾਗ ਵੱਲੋਂ ਟਰਾਂਸਪੋਰਟ ਸੈਕਟਰੀ, ਡਿਪਟੀ ਐੱਸਟੀਸੀ ਅਤੇ ਟਰਾਂਸਪੋਰਟ ਮੰਤਰੀ ਦੇ ਨਿੱਜੀ ਸਕੱਤਰ ਸੰਦੀਪ ਪੁਰੀ ਸ਼ਾਮਲ ਹੋਏ। ਯੂਨੀਅਨ ਆਗੂਆਂ ਨੇ ਮੰਤਰੀ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਯੂਨੀਅਨ ਸਾਲ-2008 ਤੋਂ ਬਾਦਲ ਪਰਿਵਾਰ ਨਾਲ ਸਬੰਧਿਤ ਨਿੱਜੀ ਕੰਪਨੀ ਦੀਆਂ ਬੱਸਾਂ ਦੀ ਚੰਡੀਗੜ੍ਹ ਸ਼ਹਿਰ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲੇ ਦੇ ਖਿਲਾਫ਼ ਅਵਾਜ਼ ਚੁੱਕਦੀ ਆਈ ਹੈ ਪ੍ਰੰਤੂ ਹਰ ਵਾਰ ਉਸ ਵੇਲ਼ੇ ਦੀ ਸਰਕਾਰ ਸਿਆਸੀ ਦਬਦਬੇ ਕਾਰਨ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਮੂਹਰੇ ਲਾ ਕੇ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਏ ਨੂੰ ਲਾਭ ਦੇਣ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਉਕਤ ਨਿਜੀ ਕੰਪਨੀ ਦੀਆਂ ਬੱਸਾਂ ਦੇ ਗੈਰਕਾਨੂੰਨੀ ਢੰਗ ਨਾਲ ਦਾਖ਼ੇਲੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਰਿੱਟ ਪਟੀਸ਼ਨ ਦਾਇਰ ਕੀਤੀ ਹੋਈ ਹੈ ਜੋ ਕਿ ਹਾਲੇ ਵੀ ਪੈਂਡਿੰਗ ਹੈ। ਯੂਨੀਅਨ ਆਗੂਆਂ ਨੇ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕੀਤੀ ਕਿ ਲੈਂਡ ਮਾਫ਼ੀਆ, ਸੈਂਡ ਮਾਫ਼ੀਆ ਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਦੀ ਤਰਜ਼ ਉੱਤੇ ਟਰਾਂਸਪੋਰਟ ਮਾਫ਼ੀਆ ਖਿਲਾਫ਼ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਦੌਰਾਨ ਮੰਤਰੀ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਪੰਜਾਬ ਵਿੱਚ ਚੱਲ ਰਹੀਆਂ ਗੈਰ ਕਾਨੂੰਨੀ ਬੱਸਾਂ ’ਤੇ ਪਾਬੰਦੀ ਲਈ ਜ਼ਰੂਰੀ ਕਦਮ ਚੁੱਕੇਗੀ।