ਮੁਕੇਸ਼ ਕੁਮਾਰ
ਚੰਡੀਗੜ੍ਹ, 4 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੀਟੀਯੂ ਦੀ ਅੰਤਰਰਾਜੀ ਬੱਸ ਸੇਵਾ 16 ਸਤੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸੇ ਦਿਨ ਤੋਂ ਹੀ ਚੰਡੀਗੜ੍ਹ ਵਿੱਚ ਦੂਸਰੇ ਸੂਬਿਆਂ ਦੀਆਂ ਬੱਸਾਂ ਦਾ ਦਾਖਲਾ ਵੀ ਖੋਲ੍ਹ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਏਅਰਕੰਡੀਸ਼ਨਡ ਬੱਸਾਂ ਨੂੰ ਵੀ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦਾ ਪਾਲਣਾ ਕਰਦਿਆਂ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ।
ਦੱਸਣਯੋਗ ਹੈ ਯੂਟੀ ਪ੍ਰਸ਼ਾਸਨ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਚੰਡੀਗੜ੍ਹ ਵਿੱਚ ਬਾਹਰਲੇ ਸੂਬਿਆਂ ਦੀਆਂ ਬੱਸਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਹੋਈ ਸੀ ਜੋ ਕਿ 16 ਸਤੰਬਰ ਤੋਂ ਹਟਾ ਲਈ ਜਾਵੇਗੀ ਅਤੇ ਕਰੋਨਾ ਸਬੰਧੀ ਸਰਕਾਰੀ ਹਦਾਇਤਾਂ ਦਾ ਪਾਲਣਾ ਕਰਦਿਆਂ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸੇ ਦੌਰਾਨ ਸੀਟੀਯੂ ਦੀਆਂ ਯੂਨੀਅਨਾਂ ਜਿਨ੍ਹਾਂ ਵਿੱਚ ਸੀਟੀਯੂ ਵਰਕਰਜ਼ ਯੂਨੀਅਨ, ਸੀ.ਟੀ.ਯੂ. ਕੰਡਕਟਰਜ਼ ਯੂਨੀਅਨ ਅਤੇ ਐੱਸਸੀ/ਬੀਸੀ ਵੈਲਫ਼ੇਅਰ ਐਸੋਸੀਏਸ਼ਨ ਦੇ ਆਗੂਆਂ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਕਰਮਜੀਤ ਸਿੰਘ ਤੇ ਚਰਨਜੀਤ ਸਿੰਘ ਨੇ ਯੂਟੀ ਪ੍ਰਸ਼ਾਸਨ ਦੇ ਊਪਰੋਕਤ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਆਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ: ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਬੱਸਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ 50 ਫ਼ੀਸਦ ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਯਾਤਰੀਆਂ ਲਈ ਆਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਵੀ ਲਾਜ਼ਮੀ ਹੋਵੇਗਾ। ਮੁਸਾਫ਼ਰਾਂ ਨੂੰ ਸਿਰਫ਼ ਬੱਸ ਅੱਡਿਆਂ ਤੋਂ ਹੀ ਚੜ੍ਹਾਇਆ ਤੇ ਊਤਾਰਿਆ ਜਾਵੇਗਾ ਅਤੇ ਆਨਲਾਈਨ ਪ੍ਰਣਾਲੀ ਰਾਹੀਂ ਟਿਕਟਾਂ ਦੀ ਬੁਕਿੰਗ ਕਰਵਾਈ ਜਾ ਸਕੇਗੀ। ਯਾਤਰੀਆਂ ਨੂੰ ਬੱਸ ਵਿੱਚ ਵੀ ਟਿਕਟਾਂ ਦਿੱਤੀਆਂ ਜਾਣਗੀਆਂ। ਯਾਤਰੀਆਂ ਨੂੰ ਇੱਕ ਸੀਟ ਛੱਡ ਕੇ ਬਿਠਾਇਆ ਜਾਵੇਗਾ ਤੇ ਮਾਸਕ ਪਾਊਣਾ ਵੀ ਲਾਜ਼ਮੀ ਹੋਵੇਗਾ।
ਵੀਕਐਂਡ ’ਤੇ ਸੁਖਨਾ ਝੀਲ ਸੈਲਾਨੀਆਂ ਲਈ ਰਹੇਗੀ ਬੰਦ
ਚੰਡੀਗੜ੍ਹ ਪ੍ਰਸ਼ਾਸਨ ਨੇ ਮੌਜੂਦਾ ਵੀਕਐਂਡ ’ਤੇ ਵੀ ਸੁਖਨਾ ਝੀਲ ਨੂੰ ਸੈਲਾਨੀਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਸੁਖਨਾ ਝੀਲ ’ਤੇ ਸੈਰ ਸਪਾਟਾ ਕਰਨ ਵਾਲੇ ਲੋਕਾਂ ਵੱਲੋਂ ਕੋਵਿਡ ਨਿਯਮਾਂ ਦੀ ਊਲੰਘਣਾ ਕੀਤੀ ਜਾ ਰਹੀ ਸੀ ਤੇ ਸ਼ਨਿਚਰਵਾਰ ਅਤੇ ਐਂਤਵਾਰ ਨੂੰ ਛੁੱਟੀ ਵਾਲੇ ਦਿਨ ਸੁਖਨਾ ਝੀਲ ’ਤੇ ਭੀੜ ਇਕੱਠੀ ਹੋ ਜਾਦੀ ਸੀ। ਇਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ’ਤੇ ਵੀਕਐਂਡ ਊੱਤੇ ਸੁਖਨਾ ਝੀਲ ਸੈਲਾਨੀਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਕਰੋਨਾ ਨੂੰ ਲੈਕੇ ਸ਼ਹਿਰ ਦੀ ਤਾਜ਼ਾ ਸਥਿਤ ਅਤੇ ਪ੍ਰਬੰਧਾਂ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੌਰਾਨ ਇਸ ਪਾਬੰਦੀ ਦੇ ਹਟਣ ਦੀ ਉਮੀਦ ਸੀ ਪਰ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਵੱਧ ਰਹੇ ਮਰੀਜ਼ਾਂ ਕਾਰਨ ਪ੍ਰਸ਼ਾਸਨ ਨੇ ਝੀਲ ਨੂੰ ਇਸ ਵੀਕਐਂਡ ’ਤੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ।