ਕੁਲਦੀਪ ਸਿੰਘ
ਚੰਡੀਗੜ੍ਹ, 21 ਅਗਸਤ
ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਅੱਜ ਸੈਕਟਰ-40 ਦੇ ਕਮਿਊਨਿਟੀ ਸੈਂਟਰ ਵਿੱਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਾਰਡ ਨੰਬਰ 27 ਤੋਂ ਕੌਂਸਲਰ ਗੁਰਬਖਸ਼ ਰਾਵਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਐਸੋਸੀਏਸ਼ਨ ਪ੍ਰਧਾਨ ਵੀ.ਐਨ. ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਨੇ ਪੰਜਾਬੀ ਸੱਭਿਆਚਾਰਕ ਦੀ ਪੂਰੀ ਝਲਕ ਪੇਸ਼ ਕੀਤੀ, ਜਿਸ ਵਿੱਚ ਪੰਜਾਬੀ ਸੂਟ ਪਹਿਨ ਕੇ ਫੁਲਕਾਰੀਆਂ ਅਤੇ ਸੱਗੀ ਫੁੱਲ ਨਾਲ ਸਜ-ਧਜ ਦੇ ਆਈਆਂ ਬਜ਼ੁਰਗ ਔਰਤਾਂ ਨੇ ਖੂਬ ਗਿੱਧਾ ਪਾਇਆ। ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋ ਕੇ ਆਪਣੀਆਂ ਨਾਨੀਆਂ-ਦਾਦੀਆਂ ਨਾਲ ਆਈਆਂ ਛੋਟੀਆਂ-ਛੋਟੀਆਂ ਲੜਕੀਆਂ ਨੇ ਖੂਬ ਗਿੱਧਾ ਪਾਇਆ। ਇਸ ਤੋਂ ਇਲਾਵਾ ਹਾਸੇ-ਮਜ਼ਾਕ ਦੀਆਂ ਪੇਸ਼ਕਾਰੀਆਂ ਨਾਲ ਠਹਾਕੇ ਵੀ ਲਗਵਾਏ ਗਏ ਅਤੇ ਸਾਰਿਆਂ ਨੂੰ ਖੀਰ ਅਤੇ ਮਾਲ੍ਹ-ਪੂੜੇ ਵੀ ਖੁਆਏ ਗਏ। ਨਿਗਮ ਕੌਂਸਲਰ ਗੁਰਬਖਸ਼ ਰਾਵਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਪੰਜਾਬੀ ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ।