ਮੁਕੇਸ਼ ਕੁਮਾਰ
ਚੰਡੀਗੜ੍ਹ, 30 ਅਗਸਤ
ਅੱਜ ਸਵੇਰੇ ਇਥੋਂ ਦੇ ਸੈਕਟਰ-21 ਦੇ ਰਿਹਾਇਸ਼ੀ ਇਲਾਕੇ ਵਿੱਚ ਇਕ ਦਰੱਖ਼ਤ ਦੇ ਅਚਾਨਕ ਡਿੱਗਣ ਕਾਰਨ ਅਫਰਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਦਰੱਖ਼ਤ ਡਿੱਗਣ ਕਾਰਨ ਉਥੇ ਪਾਰਕ ਕੀਤੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਅਤੇ ਨੇੜੇ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਮਿਲੀ ਜਾਣਕਾਰੀ ਅਨੁਸਾਰ ਅੱਜ ਸੇਵਰ ਇਥੇ ਸੈਕਟਰ-21 ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਦਰੱਖ਼ਤ ਅਚਾਨਕ ਡਿੱਗ ਗਿਆ।
ਦਰੱਖ਼ਤ ਡਿੱਗਣ ਨਾਲ ਬਿਜਲੀ ਦੇ ਖੰਬੇ ਦੀ ਸਪਲਾਈ ਲਾਈਨ ਟੁੱਟ ਗਈ ਅਤੇ ਉਥੇ ਦਰੱਖਤ ਨੇੜੇ ਪਾਰਕ ਕੀਤੀਆਂ ਕਾਰਾਂ ਵੀ ਲਪੇਟ ਵਿੱਚ ਆ ਗਈਆਂ। ਹਾਲਾਂਕਿ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਲੋਕਾਂ ਵਿੱਚ ਦਰੱਖਤ ਡਿੱਗਣ ਨਾਲ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਜਦੋਂ ਦਰੱਖਤ ਡਿੱਗਿਆਂ ਤਾਂ ਉਸਦੇ ਨੇੜੇ ਤੋਂ ਦੋ ਤਿੰਨ ਜਣੇ ਗੁਜਰ ਰਹੇ ਸਨ ਅਤੇ ਜਦੋਂ ਹੀ ਉਨ੍ਹਾਂ ਨੂੰ ਦਰੱਖਤ ਦੇ ਡਿੱਗਣ ਦੀ ਸੂਹ ਲੱਗੀ ਤਾਂ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦਰੱਖਤ ਡਿੱਗਣ ਨਾਲ ਨੇੜੇ ਦੇ ਘਰਾਂ ਦੇ ਦਰਵਾਜ਼ੇ ਤੋਂ ਲੰਘਣਾ ਬੰਦ ਹੋ ਗਿਆ ਸੀ। ਨਗਰ ਨਿਗਮ ਦੇ ਬਾਗਵਾਨੀ ਵਿੰਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਡਿੱਗੇ ਹੋਏ ਦਰੱਖਤ ਨੂੰ ਹਟਾਇਆ।
ਜਾਂਚ ਤੋਂ ਪਤਾ ਲੱਗਿਆ ਕਿ ਦਰੱਖਤ ਦੀਆਂ ਜੜਾਂ ਦੀਮਕ ਨੇ ਖੋਖਲੀਆਂ ਕਰ ਦਿੱਤੀਆਂ ਸਨ ਜਿਸ ਕਾਰਨ ਜੜਾਂ ਵੱਲੋਂ ਦਰੱਖਤ ਦਾ ਭਾਰ ਸਹਿਣ ਨਾ ਕੀਤੇ ਜਾਣ ਕਾਰਨ ਦਰੱਖਤ ਡਿੱਗ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸ਼ਹਿਰ ਵਿੱਚ ਕਈਂ ਦਰੱਖਤ ਇਸ ਤਰ੍ਹਾ ਡਿੱਗ ਚੁੱਕੇ ਹਨ। ਸ਼ਹਿਰ ਵਿੱਚ ਕਈਂ ਦਰੱਖਤਾਂ ਦੀਆਂ ਜੜਾਂ ਵਿੱਚ ਦੀਮਕ ਲੱਗੀ ਹੋਣ ਕਰਕੇ ਇਹ ਲੋਕਾਂ ਲਈ ਖਤਰਾ ਬਣੇ ਹੋਏ ਹਨ। ਨਿਗਮ ਵੱਲੋਂ ਇਨ੍ਹਾਂ ਦਰੱਖਤਾਂ ਨੂੰ ਪਛਾਣ ਕੇ ਇਨ੍ਹਾਂ ਨੂੰ ਹਟਾਉਣ ਦੀ ਮੁਹਿੰਮ ਵੀ ਤਿਆਰ ਕੀਤੀ ਗਈ ਸੀ।