ਕਰਮਜੀਤ ਸਿੰਘ ਚਿੱਲਾ
ਬਨੂੜ, 29 ਅਪਰੈਲ
ਬਨੂੜ ਖੇਤਰ ਦੇ ਪਿੰਡ ਧਰਮਗੜ੍ਹ, ਖਾਸਪੁਰ, ਮੁਠਿਆੜਾਂ ਅਤੇ ਬਾਂਡਿਆਂ ਬਸੀ ਦੇ ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਦਰਜਨਾਂ ਕਿਸਾਨਾਂ ਦੇ ਸੁਪਨੇ ਨਕਲੀ ਬੀਜਾਂ ਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ। ਇਨ੍ਹਾਂ ਪਿੰਡਾਂ ਵਿੱਚ 100 ਏਕੜ ਤੋਂ ਵੱਧ ਸੂਰਜਮੁਖੀ ਦੀ ਫ਼ਸਲ ਨੁਕਸਾਨੀ ਗਈ ਹੈ। ਖ਼ਰਾਬ ਬੀਜ ਕਾਰਨ ਕਿਸਾਨਾਂ ਦੇ ਸੂਰਜਮੁਖੀ ਦੇ ਪਾਲਣ ਉੱਤੇ ਕੀਤੇ ਖ਼ਰਚੇ ਵੀ ਆਪਣੇ ਸਿਰ ਪੈ ਗਏ ਹਨ।
ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਸਾਂਝੀ ਟੀਮ ਨੇ ਅੱਜ ਉਪਰੋਕਤ ਪਿੰਡਾਂ ਵਿੱਚ ਸੂਰਜਮੁਖੀ ਦੀ ਫ਼ਸਲ ਦਾ ਨਿਰੀਖ਼ਣ ਕੀਤਾ। ਟੀਮ ਵਿੱਚ ਮੁੱਖ ਖੇਤੀਬਾੜੀ ਅਫ਼ਸਰ (ਮੁਹਾਲੀ) ਡਾ. ਰਾਜੇਸ਼ ਕੁਮਾਰ ਰਹੇਜਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਸੂਰਜਮੁਖੀ ਬਰੀਡਰ ਡਾ. ਸੁਖਵਿੰਦਰ ਸਿੰਘ, ਤੇਲ ਸੀਡ ਬਰੀਡਰ ਡਾ. ਵਨੀਤਾ, ਪਲਾਂਟ ਪੈਥਾਲੋਜਿਸਟ ਡਾ. ਪੰਕਜ ਕੁਮਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਸ਼ਾਮਲ ਸਨ।
ਪੀੜਤ ਕਿਸਾਨਾਂ ਜਗਤਾਰ ਸਿੰਘ, ਅਵਤਾਰ ਸਿੰਘ, ਅਮਰਪਾਲ ਸਿੰਘ, ਹਰਮਨਜੀਤ ਸਿੰਘ, ਸਤਵੀਰ ਸਿੰਘ, ਨਰਿੰਦਰ ਸਿੰਘ, ਕਰਨੈਲ ਸਿੰਘ ਨੇ ਟੀਮ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ-ਇੱਕ ਬੂਟੇ ਦੇ ਕਈਂ-ਕਈਂ ਤਣੇ ਨਿਕਲ ਆਏ ਹਨ। ਇੱਕ ਫੁੱਲ ਦੀ ਥਾਂ ਇੱਕੋ ਬੂਟੇ ’ਤੇ ਕਈਂ-ਕਈਂ ਫੁੱਲਾਂ ਕਾਰਨ ਕਿਸੇ ਵਿੱਚ ਵੀ ਸੂਰਜਮੁਖੀ ਦਾ ਦਾਣਾ ਨਹੀਂ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬੀਜ ਧਰਮਗੜ੍ਹ ਦੇ ਐੱਮਐੱਸ ਖੇਤੀ ਸੈਂਟਰ, ਥੂਹਾ ਪੈਸਟੀਸਾਈਡ ਅਤੇ ਰਾਜਪੁਰਾ ਦੀਆਂ ਦੁਕਾਨਾਂ ਤੋਂ ਖਰੀਦਿਆ ਸੀ। ਟੀਮ ਨੇ ਸਾਰੇ ਖੇਤਾਂ ਵਿੱਚ ਸੂਰਜਮੁਖੀ ਦੇ ਫੁੱਲਾਂ ਦਾ ਬਾਰੀਕੀ ਨਾਲ ਨਿਰੀਖ਼ਣ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਹੇਜਾ ਨੇ ਦੱਸਿਆ ਕਿ ਸੂਰਜਮੁਖੀ ਦੇ ਬੀਜ ਵਿੱਚ ਸਮੱਸਿਆ ਹੈ ਤੇ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਕਲੀ ਬੀਜ ਵੇਚਣ ਵਾਲੇ ਦੋ ਦੁਕਾਨਦਾਰਾਂ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਬਾਕੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਪਹਿਲਾਂ ਆਲੂ ਦੀ ਫ਼ਸਲ ਵੀ ਹੋਈ ਸੀ ਖਰਾਬ
ਪੀੜਤ ਕਿਸਾਨਾਂ ਵਿੱਚ 30 ਏਕੜ ਵਿੱਚ ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਜਗਤਾਰ ਸਿੰਘ ਧਰਮਗੜ੍ਹ ਤੇ ਹੋਰਨਾਂ ਨੇ ਦੱਸਿਆ ਕਿ ਉਹ ਠੇਕੇ ਉੱਤੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਲੂ ਦੀ ਫ਼ਸਲ ਖਰਾਬ ਹੋ ਗਈ ਸੀ ਤੇ ਹੁਣ ਸੂਰਜਮੁਖੀ ਦੀ ਫ਼ਸਲ ਨੇ ਉਨ੍ਹਾਂ ਦੀ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਨਕਲੀ ਬੀਜ ਵੇਚਣ ਤੇ ਤਿਆਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਨੁਕਸਾਨੀ ਫ਼ਸਲ ਅਤੇ ਹੋਏ ਖਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ।