ਸਰਬਜੀਤ ਸਿੰਘ ਭੱਟੀ
ਲਾਲੜੂ, 21 ਜੁਲਾਈ
ਪਿੰਡ ਹੰਡੇਸਰਾ ਕੋਲ ਟਾਂਗਰੀ ਨਦੀ ਦੇ ਪੱਛਮ ਵਾਲੇ ਪਾਸੇ ਲੱਗੇ ਬੰਨ੍ਹ ’ਤੇ ਭਾਰੀ ਵਾਹਨ ਤੇ ਟਿੱਪਰ ਚੱਲਣ ਕਾਰਨ ਬਰਸਾਤਾਂ ’ਚ ਬੰਨ੍ਹ ਨੂੰ ਖੋਰਾ ਲੱਗਣ ਦਾ ਖਤਰਾ ਹੈ। ਬੰਨ੍ਹ ਦੇ ਨਾਲ ਹੀ ਹਰਿਆਣੇ ਵਾਲੇ ਪਾਸੇ ਭਾਰਤੀ ਫੌਜ ਦਾ ਵੱਡਾ ਅਸਲਾ ਡਿੱਪੂ ਹੈ ਜੋ ਬੰਨ੍ਹ ਦੇ ਨੁਕਸਾਨ ਨਾਲ ਖਤਰੇ ’ਚ ਆ ਸਕਦਾ ਹੈ।
ਟਾਂਗਰੀ ਨਦੀ ਦੇ ਬੰਨ੍ਹ ਦੀ ਸਲਾਮਤੀ ਲਈ ਹੰਡੇਸਰਾ ਵਾਸੀ ਤੇ ਸੇਵਾਮੁਕਤ ਅਧਿਕਾਰੀ ਸਰਦਾਰਾ ਸਿੰਘ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖੇ ਪੱਤਰ ’ਚ ਦੱਸਿਆ ਕਿ ਇਸ ਬੰਨ੍ਹ ਰਾਹੀਂ ਪਿਛਲੇ ਸਮੇਂ ਤੋਂ ਸਾਮਾਨ ਨਾਲ ਲੱਦੇ ਭਾਰੀ ਵਾਹਨ ਤੇ ਰੇਤਾ, ਬੱਜਰੀ ਦੇ ਟਿੱਪਰ ਚੱਲ ਰਹੇ ਹਨ ਜੋ ਨੇੜੇ ਲੱਗੀਆਂ ਫੈਕਟਰੀਆਂ, ਪੋਲਟਰੀ ਫਾਰਮਾਂ ਤੇ ਕਰੱਸ਼ਰਾਂ ਤੋਂ ਸਾਮਾਨ ਦੀ ਢੋਹ-ਢੁਆਈ ਕਰਦੇ ਹਨ, ਜਿਸ ਕਾਰਨ ਬਰਸਾਤ ਦੇ ਦਿਨਾਂ ’ਚ ਬੰਨ੍ਹ ਦੇ ਟੁੱਟਣ ਤੇ ਪਾੜ ਪੈਣ ਦਾ ਖ਼ਤਰਾ ਹੈ। ਟਾਂਗਰੀ ਨਦੀ ਦਾ ਪਾਣੀ ਕਈ ਪਿੰਡਾਂ ਨੂੰ ਆਪਣੀ ਲਪੇਟ ’ਚ ਲੈ ਕੇ ਅੰਬਾਲਾ ਛਾਉਣੀ ਤੱਕ ਮਾਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਡਰੇਨੇਜ ਵਿਭਾਗ ਪੰਜਾਬ ਦੇ ਜੇਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਬੰਨ੍ਹ ਰਾਹੀਂ ਕੋਈ ਵੀ ਭਾਰੀ ਵਾਹਨ ਨਹੀਂ ਜਾ ਸਕਦਾ, ਜਦੋਂਕਿ ਬਰਸਾਤਾਂ ਵਿਚ ਤਾਂ ਹੋਰ ਵੀ ਜ਼ਿਆਦਾ ਸਖ਼ਤੀ ਕੀਤੀ ਜਾਂਦੀ ਹੈ। ਉਨ੍ਹਾਂ ਮੌਕਾ ਦੇਖ ਕੇ ਬੰਨ੍ਹ ਰਾਹੀਂ ਲੰਘਣ ਵਾਲੇ ਵਾਹਨਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।