ਪੱਤਰ ਪ੍ਰੇਰਕ
ਕੁਰਾਲੀ, 22 ਅਕਤੂਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਅੱਜ ਡੀਏਪੀ ਖਾਦ ਦੀ ਕਮੀ ਦੇ ਮੱਦੇਨਜ਼ਰ ਖਾਦ ਸਪਲਾਈ ਕਰਨ ਵਾਲੇ ਡੀਲਰਾਂ ਦੇ ਗੁਦਾਮਾਂ ਤੇ ਦੁਕਾਨਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਡੀਏਪੀ ਦੀ ਥਾਂ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੀ ਟੀਮ ਨੇ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਖਾਦ ਡੀਲਰਾਂ ਦਾ ਸਟਾਕ ਚੈੱਕ ਕੀਤਾ ਅਤੇ ਦੁਕਾਨਾਂ ਤੇ ਗੁਦਾਮਾਂ ਦੀ ਜਾਂਚ ਕੀਤੀ। ਇਸ ਬਾਰੇ ਡਾ. ਗੁਰਬਚਨ ਸਿੰਘ ਖੇਤੀਬਾੜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਡੀਏਪੀ ਖਾਦ ਦੀ ਘਾਟ ਹੋਣ ਕਰਕੇ ਦੂਸਰੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੀਏਪੀ ਦੇ ਬਦਲ ਵਜੋਂ ਕਿਸਾਨ ਐੱਨਪੀਕੇ, ਸਿੰਗਲ ਸੁਪਰਫਾਸਫੇਟ (ਸੁਪਰ ਖਾਦ), ਅਮੋਨੀਆਮ ਫਾਸਫੇਟ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਖਾਦਾਂ ਦੀ ਵਰਤੋਂ ਨਾਲ ਕਣਕ, ਆਲੂਆਂ ਅਤੇ ਤੇਲ ਬੀਜ ਫਸਲਾਂ ਲਈ ਜ਼ਰੂਰੀ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ।