ਪੱਤਰ ਪ੍ਰੇਰਕ
ਬਨੂੜ, 4 ਅਕਤੂਬਰ
ਬਨੂੜ ਖੇਤਰ ਦੀਆਂ ਖਾਦ ਦੀਆਂ ਦੁਕਾਨਾਂ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ‘ਆਊਟ ਆਫ਼ ਸਟਾਕ’ ਹੈ। ਪਿੰਡ ਧਰਮਗੜ੍ਹ, ਬੂਟਾ ਸਿੰਘ ਵਾਲਾ, ਕਰਾਲਾ, ਜੰਗਪੁਰਾ, ਖਲੌਰ, ਖਾਸਪੁਰ ਆਦਿ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਇਸ ਇਲਾਕੇ ’ਚ ਕਿਤੋਂ ਵੀ ਡੀਏਪੀ ਖਾਦ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ 1,200 ਰੁਪਏ ਵਾਲਾ ਖ਼ਾਦ ਦਾ ਥੈਲਾ ਹਰਿਆਣਾ ਵਿੱਚੋਂ 1,400 ਰੁਪਏ ਤੱਕ ਮਿਲਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਕਿਸਾਨ ਹਰਿਆਣਾ ਨਹੀਂ ਜਾ ਸਕਦੇ ਉਨ੍ਹਾਂ ਨੂੰ ਇੱਥੋਂ 1,450 ਰੁਪਏ ਵਾਲਾ ਐੱਨਪੀਕੇ ਖਾਦ ਦਾ ਥੈਲਾ ਵਰਤਣਾ ਪੈ ਰਿਹਾ ਹੈ। ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੁਕਾਨਾਂ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਡੀਏਪੀ ਖਾਦ ਉਪਲੱਬਧਤਾ ਯਕੀਨੀ ਬਣਾਈ ਜਾਵੇ।
ਦੂੁਜੇ ਪਾਸੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਹੁਲਕਾ ਨੇ ਆਖਿਆ ਕਿ ਸਭਾਵਾਂ ਵਿੱਚ ਡੀਏਪੀ ਖਾਦ ਮੰਗਾਉਣ ਲਈ ਉਹ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨਛੇ ਮਹੀਨੇ ਪਹਿਲਾਂ ਤੋਂ ਡਿਮਾਂਡ ਵੀ ਲਿਖ ਕੇ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 25 ਸਭਾਵਾਂ ਵੱਲੋਂ ਮਾਰਕਫੈੱਡ ਨੂੰ ਡੀਏਪੀ ਖਾਦ ਮੰਗਵਾਉਣ ਲਈ 50-50 ਹਜ਼ਾਰ ਰੁਪਏ ਐਡਵਾਂਸ ਭੇਜੇ ਨੂੰ ਵੀ ਦਸ ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।