ਕੁਲਦੀਪ ਸਿੰਘ
ਚੰਡੀਗੜ੍ਹ, 20 ਨਵੰਬਰ
ਸਰਕਾਰੀ ਹਸਪਤਾਲ ਸੈਕਟਰ-32 ਵਿਚ ਪਿਛਲੇ ਕਈ ਦਿਨਾਂ ਤੋਂ ਬੋਨਸ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਰਤਨ ਕੁਮਾਰ ਨੂੰ ਆਊਟਸੋਰਸ ਕੰਪਨੀ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਦਾ ਕਥਿਤ ਸਦਮਾ ਲੱਗਣ ਕਾਰਨ ਅੱਜ ਊਸ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਨਵਾਂ ਗਰਾਉਂ ਦਾ ਵਸਨੀਕ ਰਤਨ ਕੁਮਾਰ ਸਰਕਾਰੀ ਹਸਪਤਾਲ ਵਿਚ ਪ੍ਰਾਈਵੇਟ ਕੰਪਨੀ ਰਾਹੀਂ ਆਊਟਸੋਰਸਿੰਗ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ। ਹਸਪਤਾਲ ਵਿੱਚ ਬੋਨਸ ਦੀ ਮੰਗ ਨੂੰ ਲੈ ਕੇ ਕਈ ਦਿਨ ਤੋਂ ਸੰਘਰਸ਼ ਕਰਨ ਉਪਰੰਤ ਕੰਪਨੀ ਨੇ ਯੂਨੀਅਨ ਦੇ ਪ੍ਰਧਾਨ ਸਮੇਤ ਇਨ੍ਹਾਂ ਚਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਬੀਤੇ ਦਿਨ ਉਨ੍ਹਾਂ ਮੰਗ ਮੰਨਣ ਦਾ ਭਰੋਸਾ ਦੇਣ ਉਪਰੰਤ ਹੜਤਾਲ ਖ਼ਤਮ ਕਰਵਾ ਦਿੱਤੀ ਸੀ। ਅੱਜ ਸਵੇਰੇ ਜਦੋਂ ਰਤਨ ਕੁਮਾਰ ਹਸਪਤਾਲ ਆਪਣੀ ਡਿਊਟੀ ’ਤੇ ਗਿਆ ਤਾਂ ਸੁਪਰਵਾਈਜ਼ਰ ਨੇ ਕਿਹਾ ਕਿ ਉਸ ਦੀ ਡਿਊਟੀ ਜੁਆਇਨਿੰਗ ਬਾਰੇ ਕੋਈ ਆਰਡਰ ਨਹੀਂ ਹੈ। ਇਸ ਦੌਰਾਨ ਰਤਨ ਕੁਮਾਰ ਆਪਣੇ ਘਰ ਵਾਪਸ ਆ ਗਿਆ ਅਤੇ ਅਚਾਨਕ ਉਸ ਦੀ ਮੌਤ ਹੋ ਗਈ।
ਯੂਨੀਅਨ ਦੇ ਪ੍ਰਧਾਨ ਪ੍ਰੇਮ ਪਾਲ, ਚੇਅਰਮੈਨ ਓਮ ਕੈਲਾਸ਼, ਆਲ ਕੰਟਰੈਕਚੂਅਲ ਕਰਮਚਾਰੀ ਸੰਘ ਦੇ ਅਹੁਦੇਦਾਰਾਂ ਤਰਨਦੀਪ ਸਿੰਘ ਗਰੇਵਾਲ ਨੇ ਰਤਨ ਕੁਮਾਰ ਦੀ ਮੌਤ ਲਈ ਆਊਟਸੋਰਸ ਕੰਪਨੀ ਅਤੇ ਹਸਪਤਾਲ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਊਨ੍ਹਾਂ ਨੇ ਸੈਕਟਰ 34 ਦੇ ਪੁਲੀਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।