ਕਰਮਜੀਤ ਸਿੰਘ ਚਿੱਲਾ
ਬਨੂੜ, 25 ਜੁਲਾਈ
ਘੱਗਰ ਦਰਿਆ ਵਿੱਚੋਂ ਮਾਈਨਿੰਗ ਮਾਫ਼ੀਆ ਵੱਲੋਂ ਪੁੱਟੇ ਵੀਹ-ਵੀਹ ਫ਼ੁੱਟ ਡੂੰਘੇ ਟੋੋਇਆਂ ਨੇ ਡਿੱਗੀ ਢਿੱਗ ਨਾਲ ਬਨੂੜ ਦੇ ਇੱਕ 28 ਸਾਲਾ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਦੋ ਸਾਲਾ ਪਹਿਲਾਂ ਵਿਆਹਿਆ ਇਹ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਉਹ ਰੇਹੜਾ ਚਲਾਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਅੱਜ ਸਵੇਰੇ ਰੇਹੜੇ ਉੱਤੇ ਰੇਤਾ ਲੈਣ ਲਈ ਘੱਗਰ ਦਰਿਆ ਵਿੱਚ ਪਿੰਡ ਮਨੌਲੀ ਸੂਰਤ ਵਿਖੇ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਸੱਤ ਕੁ ਵਜੇ ਦੇ ਕਰੀਬ ਵਾਪਰੀ। ਮਾਈਨਿਗ ਮਾਫ਼ੀਆ ਵੱਲੋਂ ਪੁੱਟੇ ਡੂੰਘੇ ਦੀ ਖੱਡ ਵਿੱਚੋਂ ਮੋਹਿਤ ਕੁਮਾਰ ਪੁੱਤਰ ਕੁਲਦੀਪ ਚੰਦ ਵਾਸੀ ਵਾਰਡ ਨੰਬਰ ਅੱਠ ਬਨੂੜ ਦਾ ਇਹ ਨੌਜਵਾਨ ਰੇਹੜੇ ਨੂੰ ਰੇਤੇ ਨਾਲ ਭਰਨ ਲਈ ਕਹੀ ਨਾਲ ਰੇਤਾ ਪੁੱਟ ਰਿਹਾ ਸੀ। ਡੂੰਘੀ ਖੱਡ ਵਿੱਚ ਅਚਾਨਿਕ ਰੇਤੇ ਦੀ ਢਿੱਗ ਡਿੱਗ ਗਈ ਤੇ ਉਹ ਰੇਤੇ ਦੇ ਥੱਲੇ ਦਬ ਗਿਆ। ਉੱਥੇ ਮੌਜੂਦ ਲੋਕਾਂ ਨੇ ਜਦੋਂ ਵੇਖਿਆ ਕਿ ਰੇਹੜੇ ਘੋੜੇ ਵਾਲਾ ਸਬੰਧਿਤ ਨੌਜਵਾਨ ਕਿੱਧਰੇ ਨਜ਼ਰ ਨਹੀਂ ਆ ਰਿਹਾ ਤਾਂ ਸਾਰੀ ਘਟਨਾ ਦਾ ਪਤਾ ਲੱਗਿਆ। ਬੜ੍ਹੀ ਮੁਸ਼ਕਤ ਨਾਲ ਲੋਕਾਂ ਨੇ ਮ੍ਰਿਤਕ ਨੂੰ ਰੇਤੇ ਦੀ ਡਿੱਗ ਦੇ ਥੱਲਿਉਂ ਕੱਢਿਆ ਤੇ ਪੁਲੀਸ ਨੂੰ ਸੂਚਿਤ ਕੀਤਾ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਬਨੂੜ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਪੈਣ ਉਪਰੰਤ ਡੇਰਾਬੱਸੀ ਦੇ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਾਉਣ ਉਪਰੰਤ ਵਾਰਿਸ਼ਾਂ ਦੇ ਹਵਾਲੇ ਕਰ ਦਿੱਤੀ। ਬੇਹੱਦ ਮਿਹਨਤੀ ਅਤੇ ਸਰੀਫ਼ ਸੁਭਾਅ ਦੇ ਰੇਹੜਾ ਚਾਲਕ ਨੌਜਵਾਨ ਦੀ ਮੌਤ ਨਾਲ ਸਮੁੱਚੇ ਸ਼ਹਿਰ ਵਿੱਚ ਸੋਗ ਦੀ ਲਹਿਰ ਛਾਈ ਰਹੀ।