ਹਰਜੀਤ ਸਿੰਘ
ਡੇਰਾਬੱਸੀ, 26 ਮਈ
ਇਥੋਂ ਦੇ ਮੁਬਾਰਕਪੁਰ ਖੇਤਰ ਵਿੱਚ ਸਥਿਤ ਫੋਕਲ ਪੁਆਇੰਟ ਵਿੱਚ ਇਕ ਫੈਕਟਰੀ ਦੇ ਸ਼ੈੱਡ ਦੀ ਮੁਰੰਮਤ ਕਰਨ ਆਏ ਇਕ ਕਾਰੀਗਰ ਦੀ ਲਿਫ਼ਟ ਦੀ ਤਾਰ ਟੁੱਟਣ ਕਾਰਨ ਹੇਠਾਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਦੇ ਦਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਵਿੱਚ ਸਥਿਤ ਪਟਿਆਲਾ ਪੈਕਰਜ਼ ਫੈਕਟਰੀ ਵਿੱਚ ਅੱਜ ਪਟਿਆਲਾ ਤੋਂ ਸ਼ੈੱਡ ਠੀਕ ਕਰਨ ਲਈ ਦੋ ਕਾਰੀਗਰ ਆਏ ਸਨ। ਦੋਵੇਂ ਜਣੇ 80 ਫੁੱਟ ਉੱਪਰ ਚੜ੍ਹ ਕੇ ਸ਼ੈੱਡ ਦੀ ਮੁਰੰਮਤ ਲਈ ਵੈਲਡਿੰਗ ਕਰ ਰਹੇ ਸਨ। ਦੁਪਹਿਰ ਨੂੰ ਦਵਿੰਦਰ ਸਿੰਘ ਲਿਫ਼ਟ ਤੋਂ ਹੇਠਾਂ ਆ ਰਿਹਾ ਸੀ ਇਸ ਦੌਰਾਨ ਜਦੋਂ ਉਹ ਅੱਧੇ ਰਾਹ ਵਿੱਚ ਪੁਹੰਚਿਆ ਤਾਂ ਕਰੀਬ 40 ਫੁੱਟ ਤੋਂ ਲਿਫ਼ਟ ਦੀ ਤਾਰ ਟੁੱਟ ਗਈ। ਉਸ ਨੂੰ ਲਿਫ਼ਟ ਦਾ ਦਰਵਾਜ਼ਾ ਤੋੜ ਕੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਮੁਬਾਰਕਪੁਰ ਪੁਲੀਸ ਚੌਕੀ ਵਿੱਚ ਵੱਡੀ ਗਿਣਤੀ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਕੱਠੇ ਹੋਏ ਸੀ, ਜਿਨ੍ਹਾਂ ਦੋਸ਼ ਲਾਇਆ ਕਿ ਜ਼ਖ਼ਮੀ ਨੂੰ ਹਸਪਤਾਲ ਲੈ ਜਾਣ ਲਈ ਲਾਪ੍ਰਵਾਹੀ ਵਰਤਦੇ ਹੋਏ ਦੇਰੀ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਨਾਲ ਆਏ ਉਸ ਦੇ ਸਾਥੀ ਵਰਿੰਦਰ ਸਿੰਘ ਵਾਸੀ ਪਟਿਆਲਾ ਨੇ ਦੋਸ਼ ਲਾਇਆ ਕਿ ਪਹਿਲਾਂ ਤਾਂ ਜ਼ਖ਼ਮੀ ਦਵਿੰਦਰ ਨੂੰ ਹਸਪਤਾਲ ਲੈ ਜਾਣ ਲਈ ਫੈਕਟਰੀ ਵਿੱਚ ਕੋਈ ਵਾਹਨ ਨਹੀਂ ਮਿਲਿਆ। ਇਸ ਮਗਰੋਂ ਫੈਕਟਰੀ ਪ੍ਰਬੰਧਕਾਂ ਨੇ ਨੇੜੇ ਡੇਰਾਬੱਸੀ ਹਸਪਤਾਲ ਵਿੱਚ ਲੈ ਜਾਣ ਦੀ ਥਾਂ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਤੋਂ ਐਂਬੂਲੈਂਸ ਮੰਗਵਾਈ, ਜਦੋਂ ਤੱਕ ਉਹ ਹਸਪਤਾਲ ਪਹੁੰਚੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਪੁਲੀਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਕਿਹਾ ਕਿ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਤੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਸ਼ਿਕਾਇਤ ਦੇ ਕੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਹਨ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫੈਕਟਰੀ ਪ੍ਰਬੰਧਕਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਲਈ ਬੁਲਾਇਆ ਗਿਆ ਹੈ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।