ਪੱਤਰ ਪ੍ਰੇਰਕ
ਬਨੂੜ, 30 ਅਕਤੂਬਰ
ਪਿੰਡ ਗੁਡਾਣਾ ਵਿੱਚ ਹਾਲੀਆ ਚੋਣਾਂ ਦੌਰਾਨ ਪੰਚ ਚੁਣੇ ਗਏ 32 ਵਰ੍ਹਿਆਂ ਦੇ ਨੌਜਵਾਨ ਦਵਿੰਦਰ ਪਾਲ ਸਿੰਘ ਦੀ ਕਥਿਤ ਡੇਂਗੂ ਬੁਖ਼ਾਰ ਕਾਰਨ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਪਣੇ ਪਿਓ ਨਾਲ ਲੱਕੜੀ ਦਾ ਕੰਮ ਕਰਕੇ ਗੁਜ਼ਾਰਾ ਚਲਾਉਂਦਾ ਸੀ। ਉਸ ਦੀ ਇੱਕ ਛੋਟੀ ਭੈਣ ਹੈ, ਜਿਸ ਦਾ ਵਿਆਹ ਰੱਖਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਵਿੰਦਰ ਪਾਲ ਸਿੰਘ ਪੁੱਤਰ ਸੱਤਪਾਲ ਸਿੰਘ ਕੁਝ ਦਿਨਾਂ ਤੋਂ ਬਿਮਾਰ ਸੀ। ਲੰਘੀ 25 ਅਕਤੂਬਰ ਨੂੰ ਖਰੜ ਦੇ ਸਰਕਾਰੀ ਹਸਪਤਾਲ ’ਚ ਉਸ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਸੀ। ਹਸਪਤਾਲ ’ਚ ਹੀ ਦਵਿੰਦਰ ਪਾਲ ਨੂੰ ਬੁਖਾਰ ਹੋਇਆ ਸੀ ਤੇ 28 ਤਰੀਕ ਨੂੰ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ। ਪਲੇਟਲੈੱਟਸ ਘਟਣ ਕਾਰਨ ਦਵਿੰਦਰਪਾਲ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਜਨਰਲ ਹਸਪਤਾਲ ਲਿਜਾਇਆ ਗਿਆ ਤੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਲੰਘੀ ਰਾਤ ਉਸ ਦੀ ਮੌਤ ਹੋ ਗਈ। ਦਵਿੰਦਰ ਪਾਲ ਸਿੰਘ ਦਾ ਅੱਜ ਦੁਪਹਿਰ ਵੇਲੇ ਪਿੰਡ ਗੁਡਾਣਾ ਵਿੱਚ ਸਸਕਾਰ ਕੀਤਾ ਗਿਆ। ਹਾਲਾਂਕਿ ਗੁਡਾਣਾ ਦੇ ਅਧਿਕਾਰ ਖੇਤਰ ਵਾਲੀ ਸਨੇਟਾ ਦੀ ਡਿਸਪੈਂਸਰੀ ਦੇ ਰੂਰਲ ਮੈਡੀਕਲ ਅਫ਼ਸਰ ਡਾ ਰਮਨਪ੍ਰੀਤ ਸਿੰਘ ਚਾਵਲਾ ਨੇ ਕਿਹਾ ਕਿ ਨੌਜਵਾਨ ਨਦੀ ਮੌਤ ਡੇਂਗੂ ਹੋਣ ਬਾਰੇ ਸਿਹਤ ਵਿਭਾਗ ਕੋਲ ਹਾਲੇ ਕੋਈ ਰਿਪੋਰਟ ਨਹੀਂ ਪਹੁੰਚੀ।