ਟ੍ਰਿਬਿਊਨ ਨਿਊਜ਼ ਸਰਵਿਸ
ਚਡੀਗੜ੍ਹ, 17 ਮਾਰਚ
ਚੰਡੀਗੜ੍ਹ ਸਿਟੀ ਬੱਸ ਸਰਵਿਸ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਦੀ ਅਗਵਾਈ ਹੇਠ ਹੋਈ ਹੈ, ਜਿਸ ਵਿੱਚ 13 ਮਤਿਆਂ ’ਤੇ ਵਿਚਾਰ ਕੀਤੀ ਗਈ। ਪ੍ਰਸ਼ਾਸਨ ਨੇ ਸੁਸਾਇਟੀ ਦੀਆਂ ਲੋਕਲ ਰੂਟਾਂ ’ਤੇ ਚੱਲਣ ਵਾਲੀਆਂ 270 ਡੀਜ਼ਲ ਬੱਸਾਂ ਨੂੰ ਅਗਲੇ ਛੇ ਮਹੀਨਿਆਂ ਵਿੱਚ ਸੀਐੱਨਜੀ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੌਰਾਨ ਇਲੈਕਟ੍ਰਿਕ ਬੱਸਾਂ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਲੋਕਲ ਬੱਸਾਂ ਰਾਹੀਂ ਸੁਖਨਾ ਝੀਲ ਤੇ ਰੌਕ ਗਾਰਡਨ ਦੇ ਨਾਲ ਬਰਡ ਪਾਰਕ ਕਵਰ ਕਰਨ ਦਾ ਫ਼ੈਸਲਾ ਲਿਆ। ਮੀਟਿੰਗ ’ਚ ਸੁਸਾਇਟੀ ਦੀਆਂ 100 ਬੱਸਾਂ ਦੇ ਰੱਖ-ਰਖਾਓ ਲਈ ਮੈਸਰਜ਼ ਟਾਟਾ ਮੋਟਰਜ਼ ਨਾਲ ਤਿੰਨ ਸਾਲ ਦਾ ਇਕਰਾਰਨਾਮਾ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ।