ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਮਈ
ਕਰੋਨਾ ਕਾਰਨ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਵੱਡੀ ਗਿਰਾਵਟ ਆਈ ਹੈ। ਪਿਛਲੇ ਦੋ ਸਾਲਾਂ ਤੋਂ ਮਹਾਮਾਰੀ ਕਾਰਨ ਆਨਲਾਈਨ ਸਿੱਖਿਆ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਸਿੱਖਣ ਪੱਧਰ ਘਟਿਆ ਹੈ। ਇਸ ਕਾਰਨ ਸਿੱਖਿਆ ਵਿਭਾਗ ਨੇ ਇਨ੍ਹਾਂ ਬੱਚਿਆਂ ਦੇ ਪੜ੍ਹਾਈ ਦੇ ਮਿਆਰ ਨੂੰ ਸੁਧਾਰਨ ਲਈ ਖਾਕਾ ਤਿਆਰ ਕੀਤਾ ਹੈ। ਵਿਭਾਗ ਨੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਪ੍ਰੀਖਿਆ ਲਈ। ਇਸ ਮੁਲਾਂਕਣ ਪ੍ਰੀਿਖਆ ਦੇ ਆਧਾਰ ’ਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਸਿਲੇਬਸ ਤਿਆਰ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਪ੍ਰਫਾਰਮੈਂਸ ਤੇ ਸਕਿੱਲ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਸਬੰਧੀ ਅਧਿਆਪਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਿਖਲਾਈ ਦਿੱਤੀ ਜਾਵੇਗੀ।
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਮਹਾਮਾਰੀ ਵੇਲੇ ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਨਾਲ ਨਜਿੱਠਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਦੀ ਪ੍ਰੀਖਿਆ ਲਈ ਗਈ। ਇਹ ਟੈਸਟ ਪ੍ਰਾਇਮਰੀ ਪੱਧਰ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ।
ਅੱਖਰ ਪਛਾਣਨ ਵਿੱਚ ਦਿੱਕਤ: ਇਸ ਪ੍ਰੀਖਿਆ ਵਿੱਚ ਬੱਚਿਆਂ ਨੂੰ ਵਰਣਮਾਲਾ ਅਤੇ ਉਨ੍ਹਾਂ ਦੇ ਵਿਸ਼ਿਆਂ ਬਾਰੇ ਸਵਾਲ ਪੁੱਛੇ ਗਏ। ਇਹ ਵੀ ਦੇਖਿਆ ਗਿਆ ਕਿ ਉਹ ਇਸ ਨੂੰ ਪਛਾਣ ਅਤੇ ਸਮਝਣ ਦੇ ਕਿੰਨੇ ਸਮਰੱਥ ਹਨ। ਪ੍ਰੀਖਿਆ ਰਾਹੀਂ ਸਾਹਮਣੇ ਆਇਆ ਕਿ ਕੀ ਬੱਚਿਆਂ ਨੂੰ ਆਪਣਾ ਨਾਮ ਲਿਖਣਾ ਆਉਂਦਾ ਹੈ ਅਤੇ ਉਨ੍ਹਾਂ ਨੂੰ ਲਿਖਣ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਨੂੰ ਇਹ ਸਮਝਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਕਿ ਕਲਾਸਰੂਮ ਵਿੱਚ ਕੀ ਸਮਝਾਇਆ ਜਾ ਰਿਹਾ ਹੈ ਅਤੇ ਇਸਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਇਸ ਦੌਰਾਨ ਕਈ ਬੱਚੇ ਅੱਖਰ ਵੀ ਪਛਾਣ ਨਹੀਂ ਸਕੇ।
ਐਨਜੀਓਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ ਪਾਠਕ੍ਰਮ
ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਐਨ.ਜੀ.ਓਜ਼ ਦੇ ਸਹਿਯੋਗ ਨਾਲ ਬੱਚਿਆਂ ਦੇ ਮੁਲਾਂਕਣ ਦੇ ਹਾਸਲ ਕੀਤੇ ਨਤੀਜਿਆਂ ਦੇ ਆਧਾਰ ’ਤੇ ਪਾਠਕ੍ਰਮ ਤਿਆਰ ਕੀਤਾ ਜਾਵੇਗਾ। ਐਨਜੀਓ ਪ੍ਰਥਮ ਦੇ ਪ੍ਰਬੰਧਕਾਂ ਅਨੁਸਾਰ ਉਹ ਆਉਣ ਵਾਲੇ ਇੱਕ ਸਾਲ ਲਈ ਇੱਕ ਰੋਡਮੈਪ ਤਿਆਰ ਕਰਨਗੇ, ਜਿਸ ਵਿੱਚ ਤੈਅ ਕੀਤਾ ਜਾਵੇਗਾ ਕਿ ਬੱਚਿਆਂ ਨੂੰ ਕੀ ਅਤੇ ਕਿਵੇਂ ਪੜ੍ਹਾਇਆ ਜਾਵੇਗਾ। ਉਨ੍ਹਾਂ ਨੂੰ ਨਿਵੇਕਲੇ ਢੰਗ ਨਾਲ ਹੋਰ ਪੜ੍ਹਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਪੜ੍ਹਾਈ ਬੋਝ ਨਾ ਲੱਗੇ।