ਹਰਦੇਵ ਚੌਹਾਨ
ਚੰਡੀਗੜ੍ਹ, 18 ਅਪਰੈਲ
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿੱਚ ਅਜੀਤ ਸਿੰਘ ਸੰਧੂ ਦੀ ਪੁਸਤਕ ‘ਧੀਦੋ ਦੀ ਹੀਰ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁਹਾਲੀ ਦੇ ਡੀਸੀ ਅਮਿਤ ਤਲਵਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਧਾਨਗੀ ਸ੍ਰੀ ਸਿਰੀ ਰਾਮ ਅਰਸ਼ ਨੇ ਕੀਤੀ। ਡਾ. ਪੰਨਾ ਲਾਲ ਮੁਸਤਫਾਬਾਦੀ ਨੇ ਕਿਤਾਬ ਬਾਰੇ ਕਿਹਾ, ‘‘ਸੰਧੂ ਹੁਰਾਂ ਨੇ ਹੀਰ ਆਪਣੇ ਨਾਂ ਕਰ ਲਈ ਹੈ।’’ ਸਤਬੀਰ ਕੌਰ ਨੇ ਪਰਚਾ ਪੜ੍ਹਦਿਆਂ ਕਿਹਾ, ‘‘ਅਜੀਤ ਸਿੰਘ ਸੰਧੂ ਨੇ ਨਵੇਂ ਯੁੱਗ ਵਿਚ ਪੁਰਾਣੀ ਹੀਰ ਨੂੰ ਸੁਰਜੀਤ ਕੀਤਾ ਹੈ।’’ ਲੇਖਕ ਅਜੀਤ ਸਿੰਘ ਸੰਧੂ ਨੇ ਦੱਸਿਆ ਕਿ ਕਵਿਤਾ ਲਿਖਣ ਦਾ ਸ਼ੌਕ ਬਚਪਨ ਤੋਂ ਸੀ ਜੋ ਪੜ੍ਹਾਈ ਦੇ ਨਾਲ ਨਾਲ ਵਧਦਾ ਗਿਆ ਅਤੇ ਚੰਡੀਗੜ੍ਹ ਦੀਆਂ ਸਾਹਿਤ ਸਭਾਵਾਂ ਨੇ ਇਹ ਲਗਨ ਹੋਰ ਪ੍ਰਚੰਡ ਕੀਤੀ। ਵਿਸ਼ੇਸ਼ ਮਹਿਮਾਨ ਪਰਮਿੰਦਰ ਪਾਲ ਸਿੰਘ ਸੰਧੂ (ਪੀਸੀਐੱਸ) ਨੇ ਕਿਹਾ ਕਿ ‘ਹੀਰ’ ਦੇ ਲੇਖਕਾਂ ਵਿੱਚ ਉਨ੍ਹਾਂ ਦੇ ਪਿਤਾ ਦਾ ਨਾਮ ਸ਼ਾਮਲ ਹੋ ਗਿਆ ਹੈ। ਇਸ ਮੌਕੇ ਡਾ. ਅਵਤਾਰ ਸਿੰਘ ਪਤੰਗ, ਸਿਰੀ ਰਾਮ ਅਰਸ਼, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਹਰਬੰਸ ਸੋਢੀ ਅਤੇ ਬਲਵੰਤ ਸਿੰਘ ਮੁਸਾਫਿਰ ਨੇ ਵੀ ਵਿਚਾਰ ਸਾਂਝੇ ਕੀਤੇ।