ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 5 ਜੂਨ
ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਕਲਾ ਭਵਨ ਚੰਡੀਗੜ੍ਹ ਵਿੱਚ ਹੋਈ। ਪ੍ਰਧਾਨਗੀ ਮੰਡਲ ਦੇ ਸੁਲੱਖਣ ਸਰਹੱਦੀ, ਗੁਰਚਰਨ ਕੌਰ ਕੋਚਰ, ਸਿਰੀ ਰਾਮ ਅਰਸ਼ ਅਤੇ ਸੇਵੀ ਰਾਇਤ ਨੇ ਇਸ ਮੌਕੇ ਗਿਆਨ ਸਿੰਘ ਦਰਦੀ ਦੀਆਂ ਦੋ ਪੁਸਤਕਾਂ ‘ਸ਼ਬਦ ਨਾਦ’ ਅਤੇ ‘ਆਕਾਸ਼ ਗੰਗਾ’ ਲੋਕ ਅਰਪਣ ਕੀਤੀਆਂ।
ਸਿਮਰਜੀਤ ਗਰੇਵਾਲ, ਦਵਿੰਦਰ ਕੌਰ ਢਿੱਲੋਂ ਅਤੇ ਬਾਬੂ ਰਾਮ ਦੀਵਾਨਾ ਨੇ ਕਿਤਾਬਾਂ ਵਿੱਚੋਂ ਵੱਖੋ-ਵੱਖਰੀਆਂ ਗਜ਼ਲਾਂ ਗਾ ਕੇ ਸੁਣਾਈਆਂ। ਕਿਤਾਬ ਬਾਰੇ ਸਤਬੀਰ ਕੌਰ ਨੇ ਕਿਹਾ ਕਿ ਦੋਵੇਂ ਕਿਤਾਬਾਂ ਵਿਚਲੀਆਂ ਗਜ਼ਲਾਂ ਅਰੂਜ ਮੁਤਾਬਕ ਲਿਖੀਆਂ ਗਈਆਂ ਹਨ, ਜੋ ਸਮਾਜ ਦੇ ਹਰ ਵਿਸ਼ੇ ਨੂੰ ਛੂੰਹਦੀਆਂ ਹਨ। ਸ੍ਰੀਮਤੀ ਕੋਚਰ ਨੇ ਕਿਹਾ ਕਿ ਇਹ ਦੋਵੇਂ ਕਿਤਾਬਾਂ ਸਾਂਭਣਯੋਗ ਹਨ ਕਿਉਂਕਿ ਇਨ੍ਹਾਂ ਵਿਚਲੀਆਂ ਗਜ਼ਲਾਂ ਜ਼ਿੰਦਗੀ ਦਾ ਸੱਚ ਬਿਆਨ ਕਰਦੀਆਂ ਹਨ। ਡਾ. ਅਵਤਾਰ ਸਿੰਘ ਪਤੰਗ, ਸੇਵੀ ਰਾਇਤ ਅਤੇ ਜਸਪਾਲ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ।
ਬੀਡੀ ਸ਼ਰਮਾ, ਕਲਪਨਾ ਗੁਪਤਾ ਅਤੇ ਸ੍ਰੀਮਤੀ ਪੁਸ਼ਪਾ ਨੇ ਗਾਣੇ ਸੁਣਾਏ। ਸੁਲੱਖਣ ਸਰਹੱਦੀ ਨੇ ਕਿਹਾ ਕਿ ਦਰਦੀ ਨੇ ਬਹੁਤ ਸੋਹਣੇ ਵਿਸ਼ੇ ਲੈ ਕੇ ਗਜ਼ਲਾਂ ਨੂੰ ਵਧੀਆ ਢੰਗ ਨਾਲ ਲਿਖਿਆ ਹੈ। ਸਿਰੀ ਰਾਮ ਅਰਸ਼ ਨੇ ਕਿਤਾਬਾਂ ਵਿਚੋਂ ਕੁਝ ਸ਼ੇਅਰ ਸੁਣਾ ਕੇ ਗਜ਼ਲਾਂ ਪੁਖਤਾ ਹੋਣ ਦਾ ਪ੍ਰਮਾਣ ਦਿੱਤਾ।