ਹਰਜੀਤ ਸਿੰਘ
ਜ਼ੀਰਕਪੁਰ, 4 ਦਸੰਬਰ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵੀਡਿਓ ਕਾਨਫਰੰਸਿਗ ਰਾਹੀਂ ਪਿੰਡ ਰਾਮਗੜ੍ਹ ਭੁੱਡਾ ਵਿਚ ਪਾਵਰਕੌਮ ਵੱਲੋਂ ਨਵੇਂ ਸਥਾਪਤ ਕੀਤੇ 66 ਕੇਵੀ ਗਰਿੱਡ ਸਬ-ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਅਤੇ ਨਿਰਵਿਘਨ ਬਿਜਲੀ ਸਪਲਾਈ ਮਹੁੱਈਆ ਕਰਵਾਉਣ ਲਈ ਵਚਨਬੱਧ ਹੈ। ਗਰਿੱਡ ਨੂੰ ਤਿਆਰ ਕਰਨ ਦੀ ਕੁਲ ਲਾਗਤ ਤਕਰੀਬਨ 10 ਕਰੋੜ ਰੁਪਏ ਆਈ ਹੈ। ਇਸ ਦੇ ਚਾਲੂ ਹੋਣ ਨਾਲ ਸ਼ਹਿਰ ਦੇ ਵੀ.ਆਈ.ਪੀ. ਰੋਡ, ਅੰਬਾਲਾ ਰੋਡ, ਪਿੰਡ ਸਿੰਘਪੁਰਾ, ਛੱਤ, ਰਾਮਗੜ੍ਹ ਭੁੱਡਾ, ਬਿਸ਼ਨਪੁਰਾ, ਨਗਲਾ ਰੋਡ ਆਦਿ ਖੇਤਰ ਵਿੱਚ ਵਸਦੇ ਤਕਰੀਬਨ 30,000 ਖਪਤਕਾਰਾਂ ਨੂੰ ਨਿਰਵਿਘਣ ਬਿਜਲੀ ਸਪਲਾਈ ਅਤੇ ਲੰਬੇ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਜ਼ੀਰਕਪੁਰ ਸਥਿਤ ਗਰਿੱਡ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਬਟਨ ਦਬਾ ਕੇ ਬਿਜਲੀ ਸਪਲਾਈ ਚਾਲੂ ਕੀਤੀ।