ਹਰਦੇਵ ਚੌਹਾਨ
ਚੰਡੀਗੜ੍ਹ, 16 ਜਨਵਰੀ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਪੰਜਾਬ ਸਾਹਿਤ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਨਵੇਂ ਕਹਾਣੀ ਸੰਗ੍ਰਹਿ ‘ਇੰਟਰਵਲ ਤੋਂ ਬਾਅਦ’ ਦਾ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਡਾ. ਮਨਮੋਹਨ, ਦੇਸ ਰਾਜ ਕਾਲੀ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਕਰਨਲ ਜਸਬੀਰ ਭੁੱਲਰ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਪ੍ਰਧਾਨਗੀ ਹੇਠ ਹੋਇਆ।
ਮੁੱਖ ਬੁਲਾਰੇ ਦੇਸ ਰਾਜ ਕਾਲੀ ਨੇ ਕਿਹਾ ਕਿ ਲੇਖਿਕਾ ਨੇ ਔਰਤ ਮਨ ਦੇ ਸੂਖਮ ਅਤੇ ਵਿਵਰਜਿਤ ਵਿਸ਼ਿਆਂ ਨੂੰ ਬੜੀ ਕਲਾਤਮਿਕਤਾ ਨਾਲ ਨਿਭਾਇਆ ਹੈ। ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਿਕਾ ਨੂੰ ਨਾਰੀ ਮਨੋਵਗੀਆਂ ਦੀ ਪੂਰੀ ਸੂਝ ਹੈ। ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਸਰਬਜੀਤ ਕੌਰ ਦੀਆਂ ਕਹਾਣੀਆਂ ਵਿੱਚ ਲੋੜੀਂਦੀ ਕੜਕ ਹੈ, ਜੋ ਮੌਜੂਦਾ ਕਹਾਣੀਕਾਰਾਂ ਵਿੱਚ ਉਪਲੱਬਧ ਨਹੀਂ ਹੈ। ਵਿਦਵਾਨ ਤੇ ਸ਼ਾਇਰ ਡਾ. ਮਨਮੋਹਨ ਨੇ ਕਿਹਾ ਕਿ ਡਾ. ਸੋਹਲ ਕਵਿਤਰੀ ਵੀ ਹੈ ਤੇ ਕਵਿਤਾ ਕਿਸੇ ਰਾਜ, ਭਾਗ ਤੋਂ ਘਟ ਨਹੀਂ ਹੁੰਦੀ। ਉਨਾਂ ਕਿਹਾ ਕਿ ਲੇਖਿਕਾ ਦੀਆਂ ਕਹਾਣੀਆਂ ਨੂੰ ਵਿਸ਼ਵ ਸਾਹਿਤ ਦੀਆਂ ਚਰਚਿਤ ਕਹਾਣੀਆਂ ਦੇ ਬਰਾਬਰ ਰੱਖ ਕੇ ਵੀ ਦੇਖਿਆ ਜਾ ਸਕਦਾ ਹੈ। ਡਾ. ਸਰਬਜੀਤ ਕੌਰ ਸੋਹਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੀ ਨਾਰੀ ਸਮਾਜਕ ਵਰਜਣਾਂ ਅਤੇ ਮਾਨਵੀ ਰਾਜਨੀਤੀ ਦੇ ਚੱਲਦਿਆਂ ਖੁੱਲ੍ਹ ਨਹੀਂ ਲੈ ਸਕਦੀ, ਉਂਝ ਉਸਦਾ ਵੀ ਨੱਚਣ ਕੁੱਦਣ ਨੂੰ ਬੜਾ ਜੀਅ ਕਰਦਾ ਹੈ।
ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਡਾ. ਸੋਹਲ ਦੀਆਂ ਕਹਾਣੀਆਂ ਪਾਤਰਾਂ ਅੰਦਰਲੀ ਕਾਮੁਕ ਦੁਰਗੰਧ ਨੂੰ ਬੜੀ ਕਲਾਤਮਿਕਤਾ ਅਤੇ ਸੁਹਜ ਨਾਲ ਕਾਮੁਕ ਸੁਗੰਧ ਵਿੱਚ ਪਰਿਵਰਤਿਤ ਕਰਦੀਆਂ ਹਨ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਧੰਨਵਾਦੀ ਸ਼ਬਦ ਕਹੇ। ਸਮਾਗਮ ਦਾ ਮੰਚ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਨੇ ਕੀਤਾ। ਇਸ ਮੌਕੇ ਪਾਲ ਅਜਨਬੀ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਜਗਦੀਪ ਕੌਰ ਨੂਰਾਨੀ, ਸੁਰਜੀਤ ਸੁਮਨ, ਹਰਬੰਸ ਸੋਢੀ, ਸਰਦਾਰਾ ਸਿੰਘ ਚੀਮਾ, ਗੁਰਮੀਤ ਸਿੰਗਲ, ਦਵਿੰਦਰ ਦਮਨ, ਜਸਵੰਤ ਦਮਨ, ਸਤਨਾਮ ਚੌਹਾਨ ਅਤੇ ਡਾ. ਸੁਨੀਤਾ ਰਾਣੀ ਆਦਿ ਹਾਜ਼ਰ ਸਨ।