ਚੰਡੀਗੜ੍ਹ: ਸੈਕਟਰ-23 ਵਿੱਚ ਦੋ ਮੁੰਹ ਵਾਲੇ ਸੱਪ ਦੀ ਖਰੀਦੋ-ਫਰੋਖਤ ਲਈ ਘੁੰਮ ਰਹੇ ਵਿਅਕਤੀ ਨੂੰ ਚੰਡੀਗੜ੍ਹ ਪੁਲੀਸ ਨੇ ਗ੍ਰਾਹਕ ਬਣ ਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਵੀ ਕੁਮਾਰ ਵਾਸੀ ਪਠਾਨਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਵੱਲੋਂ ਸੈਕਟਰ-23 ਵਿੱਚ ਸੱਪ ਵੇਚਣ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੇ ਮੁਖੀ ਰਾਮ ਰਤਨ ਨੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੂੰ ਸੂਚਿਤ ਕੀਤਾ। ਪੁਲੀਸ ਨੇ ਦੋ ਕਾਂਸਟੇਬਲ ਗ੍ਰਾਹਕ ਬਣ ਕੇ ਸੈਕਟਰ-23 ਵਿੱਚ ਪਹੁੰਚੇ ਜਿਨ੍ਹਾਂ ਮੁਲਜ਼ਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ 15 ਲੱਖ ਰੁਪਏ ਦੀ ਮੰਗ ਕੀਤੀ। ਪੁਲੀਸ ਨੇ ਮੁਲਜ਼ਮ ਨਾਲ ਕੀਮਤ ਤੈਅ ਕਰ ਕੇ ਨਕਲੀ ਨੋਟਾਂ ਰਾਹੀਂ ਅਦਾਇਗੀ ਕੀਤੀ ਜਿਸ ਤੋਂ ਬਾਅਦ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦੋ ਮੂੰਹ ਵਾਲੇ ਸੱਪ ਨਾਲ ਘਰ ਵਿੱਚ ਖੁਸ਼ੀ ਆਉਣ ਸਬੰਧੀ ਕਹਿ ਕੇ ਵਰਗਲਾਉਂਦਾ ਸੀ ਤੇ ਮਹਿੰਗੀ ਕੀਮਤ ’ਤੇ ਸੱਪ ਵੇਚ ਦਿੰਦਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦਾ ਪੂਰੇ ਦੇਸ਼ ਵਿੱਚ ਨੈੱਟਵਰਕ ਹੈ। ਉੱਧਰ, ਸੱਪ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਟਨਸ
23.76 ਲੱਖ ਦੀ ਧੋਖਾਧੜੀ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ
ਚੰਡੀਗੜ੍ਹ: ਦਵਾਈਆਂ ਦੀ ਸਪਲਾਈ ਦੇ ਨਾਂ ’ਤੇ 23.76 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਦੀ ਟੀਮ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਪਲਵ ਕੁਮਾਰ ਵਾਸੀ ਮੁਜੱਫਰਨਗਰ (ਬਿਹਾਰ) ਅਤੇ ਬ੍ਰਿਜ ਭੂਸ਼ਣ ਵਾਸੀ ਸੀਤਮਗੜ੍ਹ (ਬਿਹਾਰ), ਵਿਸ਼ਵੇਸ਼ ਅਗਰਵਾਲ ਅਤੇ ਵਿਸ਼ਾਲ ਵਾਸੀਆਨ ਸੂਰਜ (ਗੁਜਰਾਤ) ਵਜੋਂ ਹੋਈ ਹੈ। ਪੁਲੀਸ ਨੇ ਇਹ ਕਾਰਵਾਈ ਗੀਤਾ ਰਾਓ ਦੀ ਸ਼ਿਕਾਇਤ ’ਤੇ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ 24 ਮਈ ਨੂੰ ਫੋਨ ਰਾਹੀਂ 4800 ਰੁਪਏ ਪ੍ਰਤੀ ਟੀਕੇ ਦੇ ਹਿਸਾਬ ਨਾਲ 600 ਟੀਕੇ ਖਰੀਦੇ ਸਨ ਜਿਸ ਲਈ 23.76 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਉਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਟੀਕੇ ਭੇਜੇ ਅਤੇ ਨਾ ਹੀ ਰੁਪਏ ਵਾਪਸ ਕੀਤੇ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। -ਟਨਸ