ਕਰਮਜੀਤ ਸਿੰਘ ਚਿੱਲਾ
ਬਨੂੜ, 7 ਅਪਰੈਲ
ਪਿੰਡ ਮਨੌਲੀ ਸੁਰਤ ਦੀ ਕਿਸਾਨ ਸੰਘਰਸ਼ ਕਮੇਟੀ ਅਤੇ ਪਿੰਡ ਦੀ ਆਰਮੀ ਵੈੱਲਫ਼ੇਅਰ ਸੁਸਾਇਟੀ ਨੇ ਸਿੰਘੂ ਬਾਰਡਰ ਉੱਤੇ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਪਿੰਡ ਦੇ ਕਿਸਾਨਾਂ ਲਈ ਵਿਸ਼ੇਸ਼ ਟਰਾਲੀ ਤਿਆਰ ਕਰਵਾਈ ਹੈ। ਇਸ ਟਰਾਲੀ ਵਿੱਚ ਏਸੀ, ਪੱਖੇ ਤੇ ਇਨਵਰਟਰ ਆਦਿ ਸਹੂਲਤਾਂ ਤੋਂ ਇਲਾਵਾ ਲੱਕੜ ਦੇ ਬੋਰਡ ਅਤੇ ਥਰਮਾਕੋਲ ਨਾਲ ਛੱਤ ਵੀ ਬਣਾਈ ਗਈ ਹੈ। ਕਿਸਾਨ ਕਮੇਟੀ ਦੇ ਆਗੂ ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰੀ ਸਿੰਘ ਫ਼ੌਜੀ ਤੇ ਗੁਰਮੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਪਿੰਡ ਦੀ ਇੱਕ ਟਰਾਲੀ ਪੱਕੇ ਤੌਰ ’ਤੇ ਸਿੰਘੂ ਬਾਰਡਰ ਉੱਤੇ ਖੜ੍ਹੀ ਕੀਤੀ ਹੋਈ ਹੈ ਜਿਸ ਵਿੱਚ ਉੱਥੇ ਰਹਿਣ ਵਾਲੇ ਪਿੰਡ ਦੇ ਵਸਨੀਕਾਂ ਲਈ ਰਾਤ ਦੇ ਸੌਂਣ ਤੇ ਰਹਿਣ ਦਾ ਪੱਕਾ ਟਿਕਾਣਾ ਬਣਾਇਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਗਰਮੀ ਅਤੇ ਬਰਸਾਤ ਨੂੰ ਮੁੱਖ ਰੱਖਦਿਆਂ ਧਰਨਾਕਾਰੀਆਂ ਲਈ ਇਹ ਏਸੀ ਟਰਾਲੀ ਤਿਆਰ ਕੀਤੀ ਗਈ ਹੈ ਜਿਸ ਨੂੰ ਅੰਦਰੋਂ ਲੱਕੜ ਦੇ ਬੋਰਡ ਨਾਲ ਤਿਆਰ ਕਰ ਕੇ ਉੱਪਰ ਮੀਂਹ ਤੇ ਗਰਮੀ ਤੋਂ ਬਚਣ ਲਈ ਥਰਮਾਕੋਲ ਤੇ ਫਾਇਬਰ ਦੀ ਸ਼ੀਟ ਲਗਾਈ ਗਈ ਹੈ। ਇਸ ਟਰਾਲੀ ਵਿੱਚ ਏਸੀ, ਇਨਵਰਟਰ, ਐੱਲਡੀਈ ਲਾਈਟਾਂ ਤੇ ਟੀਵੀ ਆਦਿ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ। ਉਨ੍ਹਾਂ ਦੱਸਿਆ ਕਿ ਟਰਾਲੀ ਪਿੰਡ ਦੇ ਇੱਕ ਕਿਸਾਨ ਵੱਲੋਂ ਸੰਘਰਸ਼ ਲਈ ਭੇਟ ਕੀਤੀ ਗਈ ਹੈ ਤੇ ਇਸ ਉੱਤੇ ਲੋੜੀਂਦੀਆਂ ਸੇਵਾਵਾਂ ਲਈ ਇੱਕ ਲੱਖ ਤੋਂ ਵੱਧ ਖਰਚਿਆ ਗਿਆ ਹੈ।