ਹਰਜੀਤ ਸਿੰਘ
ਡੇਰਾਬੱਸੀ, 22 ਜੂਨ
ਹਲਕਾ ਡੇਰਾਬੱਸੀ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਸਬ ਡਿਵੀਜ਼ਨ ਪੱਧਰ ਦਾ ਮਿੰਨੀ ਸਕੱਤਰੇਤ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਕੰਪਲੈਕਸ ਸਣੇ ਸਾਰੇ ਸਰਕਾਰੀ ਦਫ਼ਤਰ ਇਕ ਛੱਤ ਹੇਠ ਹੋਣ ਨਾਲ ਜਿਥੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਥੇ ਡੇਰਾਬੱਸੀ ਨੂੰ ਗੇਟਵੇਅ ਆਫ਼ ਪੰਜਾਬ ਦੇ ਤੌਰ ’ਤੇ ਵਿਕਸਤ ਕਰਨ ਦੇ ਪੰਜਾਬ ਸਰਕਾਰ ਦੇ ਟੀਚੇ ਨੂੰ ਬੂਰ ਪਏਗਾ। ਐਡਵੋਕੇਟ ਅਨਮੋਲ ਸਿੰਘ, ਐਡਵੋਕੇਟ ਪ੍ਰਦੀਪ ਕੁਮਾਰ, ਪ੍ਰੋਮਦ ਕੁਮਾਰ, ਰਾਜ ਸਿੰਘ, ਦਵਿੰਦਰ ਸਿੰਘ, ਰਾਜੇਸ਼ ਰਾਣਾ, ਜਗਤਾਰ ਸਿੰਘ, ਰਾਜ ਸਿੰਘ ਸਣੇ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਹਰਿਆਣਾ ਦੀ ਹੱਦ ’ਤੇ ਵਸੇ ਹਲਕਾ ਡੇਰਾਬੱਸੀ ਨੂੰ ਗੇਟਵੇ ਆਫ਼ ਪੰਜਾਬ ਦੇ ਤੌਰ ’ਤੇ ਵਿਕਸਤ ਕਰਨ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੂੰ ਇਥੇ ਹੋਰ ਸੂਬਿਆਂ ਦੀ ਸਬ ਡਿਵੀਜ਼ਨਾਂ ਵਾਂਗ ਇਥੋਂ ਦਾ ਮਿੰਨੀ ਸਕੱਤਰੇਤ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਯੋਗ ਥਾਂ ’ਤੇ ਬਣਾਉਣਾ ਚਾਹੀਦਾ ਹੈ। ਇਸ ਵੇਲੇ ਡੇਰਾਬੱਸੀ ਦਾ ਅਦਾਲਤੀ ਕੰਪਲੈਕਸ ਤਹਿਸੀਲ ਕੰਪਲੈਕਸ ਵਿੱਚ ਹੀ ਚਲ ਰਿਹਾ ਹੈ। ਇਹ ਕਾਫੀ ਭੀੜ ਭਾੜ ਵਾਲੀ ਥਾਂ ਹੋਣ ਕਾਰਨ ਇਥੇ ਹਰ ਵੇਲੇ ਪਾਰਕਿੰਗ ਨਾ ਮਿਲਣ ਕਾਰਨ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਜੇ ਪੰਜਾਬ ਸਰਕਾਰ ਕੋਲ ਯੋਗ ਫੰਡ ਨਹੀਂ ਹਨ ਤਾਂ ਉਹ ਤਹਿਸੀਲ ਕੰਪਲੈਕਸ ’ਚ ਪਹਿਲਾਂ ਬਣੀ ਇਮਾਰਤ ’ਚ ਨਗਰ ਕੌਂਸਲ ਦਾ ਦਫ਼ਤਰ ਵੀ ਉਸਾਰਿਆ ਜਾ ਸਕਦਾ ਹੈ ਜੋ ਇਸ ਇਸ ਵੇਲੇ ਆਰਜ਼ੀ ਤੌਰ ’ਤੇ ਸੈਣੀ ਭਵਨ ’ਚ ਚੱਲ ਰਿਹਾ ਹੈ। ਜਦੋਂਕਿ ਪੁਰਾਣੇ ਨਗਰ ਕੌਂਸਲ ਦਫ਼ਤਰ ਨੂੰ ਢਾਹ ਕੇ ਉਸ ਥਾਂ ਨੂੰ ਯੋਜਨਾ ਮੁਤਾਬਕ ਬੱਸ ਸਟੈਂਡ ਲਈ ਵਰਤਿਆ ਜਾ ਸਕਦਾ ਹੈ। ਹਾਈਵੇਅ ’ਤੇ ਮਿੰਨੀ ਸਕਤਰੇਤ ਦੀ ਉਸਾਰੀ ਹੋਣ ਮਗਰੋਂ ਹਾਈਵੇਅ ’ਤੇ ਸਿਵਲ ਹਸਪਤਾਲ ਨਾਲ ਚੱਲ ਰਹੇ ਬੀਡੀਪੀਓ ਦਫ਼ਤਰ ਨੂੰ ਵੀ ਇਥੇ ਤਬਦੀਲ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਮੁਬਾਰਿਕਪੁਰ ਚਲ ਰਿਹਾ ਡੀ.ਐੱਸ.ਪੀ. ਦਫਤਰ, ਬਰਵਾਲਾ ਰੋਡ ’ਤੇ ਇਨਡੋਰ ਖੇਡ ਸਟੇਡੀਅਮ ’ਚ ਚੱਲ ਰਹੇ ਲੇਬਰ ਇੰਸਪੈਕਟਰ ਦਾ ਦਫ਼ਤਰ ਆਦਿ ਜੋ ਕਿਰਾਏ ਦੀ ਇਮਾਰਤਾਂ ’ਚ ਚੱਲ ਰਹੇ ਹਨ, ਨੂੰ ਥਾਂ ਮਿਲ ਜਾਏਗੀ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਸਬ ਡਿਵੀਜ਼ਨ ਪੱਧਰ ਦਾ ਮਿੰਨੀ ਸਕੱਤਰੇਤ ਹਾਈਵੇਅ ’ਤੇ ਉਸਾਰਨ ਦੀ ਯੋਜਨਾ ਉਲੀਕੀ ਜਾਏਗੀ। ਉਨ੍ਹਾਂ ਕਿਹਾ ਕਿ ਇਕ ਛੱਤ ਹੇਠ ਸਾਰੇ ਸਰਕਾਰੀ ਦਫ਼ਤਰ ਆਉਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।