ਸਰਬਜੀਤ ਸਿੰਘ ਭੱਟੀ
ਲਾਲੜੂ, 10 ਸਤੰਬਰ
ਜੰਡਲੀ-ਟਰੜਕ ਲਿੰਕ ਸੜਕ ’ਤੇ ਬਰਸਾਤੀ ਚੋਅ ’ਤੇ ਬਣੇ ਪੁਰਾਣੇ ਪੁਲ ਦੀ ਥਾਂ ਊਸਾਰੀ ਅਧੀਨ ਨਵੇਂ ਪੁਲ ਦਾ ਕੰਮ ਕਈ ਮਹੀਨਿਆਂ ਤੋਂ ਅੱਧ ਵਿਚਕਾਰ ਲਟਕ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਝੋਨੇ ਦੇ ਸੀਜ਼ਨ ਨੂੰ ਵੇਖਦੇ ਹੋਏ ਉਕਤ ਪੁਲ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ। ਇਲਾਕੇ ਦੇ ਪਤਵੰਤਿਆਂ ਨੇ ਦੱਸਿਆ ਕਿ ਪੁਰਾਣਾ ਪੁਲ 1976 ’ਚ ਬਣਿਆ ਸੀ, ਜਿਸ ਦੀ ਖਸਤਾ ਹਾਲਤ ਹੋਣ ਕਾਰਨ ਪੰਜਾਬ ਮੰਡੀ ਬੋਰਡ ਨੇ ਇਸ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਫੈ਼ਸਲਾ ਕੀਤਾ ਸੀ, ਜਿਸ ਦਾ 24 ਫਰਵਰੀ 2020 ਨੂੰ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਨੀਂਹ ਪੱਥਰ ਵੀ ਰੱਖਿਆ ਸੀ। ਪੁਲ ਦਾ ਕੰਮ ਸੁਸਤ ਰਫ਼ਤਾਰ ਚੱਲਣ ਕਾਰਨ ਅਜੇ ਵੀ ਅੱਧ ਵਿਚਕਾਰ ਲਮਕ ਰਿਹਾ ਹੈ। ਲੌਕਡਾਊਨ ਕਾਰਨ ਊਸਾਰੀ ਕਾਰਜ ਰੁਕ ਗਿਆ ਤੇ ਹੁਣ ਵੀ ਸੁਸਤ ਰਫ਼ਤਾਰ ’ਚ ਕੰਮ ਚੱਲ ਰਿਹਾ ਹੈ। ਇਲਾਕਾ ਵਾਸੀਆਂ ਨੇ ਸਜਕਹਜ ਤੋਂ ਮੰਗ ਕੀਤੀ ਹੈ ਕਿ ਪੁਲ ਨੂੰ ਛੇਤੀ ਮੁਕੰਮਲ ਕਰਵਾਇਆ ਜਾਵੇ। ਪੰਜਾਬ ਮੰਡੀ ਬੋਰਡ ਦੇ ਐੱਸਡੀਓ ਜਸਵਿੰਦਰ ਸਿੰਘ ਤੋਂ ਜਦੋਂ ਇਸ ਬਾਰੇ ਜਾਣਕਾਰੀ ਮੰਗੀ ਗਈ ਤਾਂ ਊਨ੍ਹਾਂ ਦੱਸਿਆ ਕਿ ਉਕਤ ਪੁਲ ਦਾ ਕੰਮ ਲਗਪਗ ਮੁਕੰਮਲ ਹੈ, ਸਿਰਫ਼ ਸਲੈਬ ਪਾਉਣੀ ਰਹਿੰਦੀ ਹੈ ਤੇ ਬਰਸਾਤ ਦੇ ਕਾਰਨ ਚੋਅ ਵਿੱਚ ਸ਼ਟਰਿੰਗ ਖੜ੍ਹੀ ਕਰਨ ’ਚ ਦਿੱਕਤ ਆ ਰਹੀ ਸੀ। ਹੁਣ ਛੇਤੀ ਹੀ ਉਕਤ ਪੁਲ ਨੂੰ ਮੁਕੰਮਲ ਕਰ ਲਿਆ ਜਾਵੇਗਾ।