ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 14 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਜਸਪਾਲ ਸਿੰਘ ਦੱਪਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਨਲਾਈਨ ਈ-ਸਟੈਪਿੰਗ ਪ੍ਰਣਾਲੀ ਲਈ ਸਰਲ ਤਰੀਕਾ ਅਪਣਾਇਆ ਜਾਵੇ ਅਤੇ ਸੁਵਿਧਾ ਸੈਂਟਰਾਂ ਵਿੱਚ ਲੋੜੀਂਦੇ ਸਟਾਫ਼ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਆਨਲਾਈਨ ਈ-ਸਟੈਂਪਿੰਗ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ ਉਸ ਕਾਰਨ ਲੋਕਾ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਲੋਕ ਸਾਰਾ ਸਾਰਾ ਦਿਨ ਅਸ਼ਟਾਮ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਅਸ਼ਟਾਮ ਪੇਪਰ ਲੈਣ ਵਿੱਚ ਬਹੁਤ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਸ਼ਟਾਮ ਆਨਲਾਈਨ ਸੁਵਿਧਾ ਸੈਂਟਰ ਤੋਂ ਲੈਣੇ ਹੁੰਦੇ ਹਨ।
ਸੁਵਿਧਾ ਸੈਂਟਰਾਂ ਵਿੱਚ ਪਹਿਲਾਂ ਹੀ ਸਟਾਫ਼ ਦੀ ਕਮੀ ਹੈ ਅਤੇ ਸਿਰਫ਼ ਇੱਕ ਹੀ ਕਾਊਂਟਰ ਆਨਲਾਈਨ ਅਸ਼ਟਾਮ ਲੈਣ ਲਈ ਰੱਖਿਆ ਗਿਆ ਹੈ। ਪਹਿਲਾਂ ਲੋਕਾਂ ਨੂੰ ਸੁਵਿਧਾ ਸੈਂਟਰ ਵਲੋਂ ਟੋਕਨ ਜਾਰੀ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਲਾਈਨਾਂ ਵਿੱਚ ਲੱਗ ਕੇ ਅਸ਼ਟਾਮ ਲੈਣੇ ਪੈਂਦੇ ਹਨ, ਜਿਸ ਕਾਰਨ ਲੋਕਾਂ ਨੂੰ ਦੋ ਵਾਰੀ ਲਾਈਨ ਵਿੱਚ ਲੱਗਣਾ ਪੈਂਦਾ ਹੈ ਅਤੇ ਉਹ ਅਸ਼ਟਾਮ ਲੈਣ ਲਈ ਕਾਫੀ ਦੇਰ ਤੱਕ ਖੱਜਲ ਖੁਆਰ ਹੁੰਦੇ ਹਨ। ਉਨ੍ਹਾਂ ਅਸ਼ਟਾਮਾਂ ਲਈ ਪੰਜ ਕਾਊਂਟਰ ਬਣਾਏ ਜਾਣ ਦੀ ਮੰਗ ਕੀਤੀ।