ਪੱਤਰ ਪ੍ਰੇਰਕ
ਚੰਡੀਗੜ੍ਹ, 1 ਜੁਲਾਈ
ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਤਾਲਾਬੰਦੀ ਦੌਰਾਨ ਬੰਦ ਕੀਤੇ ਗਏ ਪੀਐੱਚਡੀ ਦੇ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਲਾਅ ਦੇ ਵਿਦਿਆਰਥੀਆਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ। ਇਸ ਮੰਗ ਨੂੰ ਲੈ ਕੇ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਨੇ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨਜ਼ ਦੇ ਨਾਂ ’ਤੇ ਮੰਗ ਪੱਤਰ ਭੇਜਿਆ। ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ ਨੇ ਦੱਸਿਆ ਕਿ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਨੂੰ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਲਾਅ ਵਿਭਾਗ ਵੱਲੋਂ ਦਾਖਲਾ ਟੈਸਟ ਦਾ ਨਤੀਜਾ ਆ ਚੁੱਕਿਆ ਹੈ। ਦਸੰਬਰ 2020 ਵਿੱਚ ਡੀਯੂਆਈ ਨੇ ਸਾਰੇ ਵਿਭਾਗਾਂ ’ਚ ਪੀਐੱਚਡੀ ਦੇ ਦਾਖਲਿਆਂ ਸਬੰਧੀ ਪੱਤਰ ਜਾਰੀ ਕੀਤਾ ਸੀ। ਜਿਸ ਮਗਰੋਂ ਹੋਰ ਵਿਭਾਗਾਂ ’ਚ ਤਾਂ ਦਾਖਲੇ ਹੋ ਗਏ ਹਨ, ਪਰ ਲਾਅ ਵਿਭਾਗ ਵਿੱਚ ਪੀਐੱਚਡੀ ਦੇ ਦਾਖਲੇ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਗਏ।