ਐੱਸਏਐੱਸ ਨਗਰ (ਮੁਹਾਲੀ): ਗਮਾਡਾ ਨੇ ਅੱਜ ਪਿੰਡ ਤੋਗਾਂ ਵਿਚ ਨਾਜਾਇਜ਼ ਕਲੋਨੀ ਬਣਾ ਕੇ ਪਲਾਟ ਵੇਚਣ ਦੀ ਕਾਰਵਾਈ ’ਤੇ ਰੋਕ ਲਗਾਉਣ ਲਈ ਨਾਜਾਇਜ਼ ਕਬਜ਼ੇ ਹਟਾਏ ਤੇ ਨਿਰਮਾਣ ਕੰਪਨੀ ਦੇ ਦੋ ਦਫ਼ਤਰ ਵੀ ਢਾਹ ਦਿੱਤੇ। ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਤੋਗਾਂ ਦੀ ਜ਼ਮੀਨ ਵਿੱਚ ਇਕ ਪ੍ਰਾਈਵੇਟ ਕੰਪਨੀ ਵੱਲੋਂ ਅਣਅਧਿਕਾਰਤ ਤੌਰ ’ਤੇ ਰਿਹਾਇਸ਼ੀ ਕਲੋਨੀ ਕੱਟਣ ਦਾ ਬੋਰਡ ਲਗਾ ਕੇ ਆਪਣਾ ਦਫ਼ਤਰ ਬਣਾ ਲਿਆ ਗਿਆ ਸੀ ਤੇ ਇਸ ਥਾਂ ਕਲੋਨੀ ਵਿੱਚ ਪਲਾਟ ਵੇਚੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਨੋਟਿਸ ਭੇਜਣ ’ਤੇ ਵੀ ਕੰਪਨੀ ਵੱਲੋਂ ਪਲਾਟ ਵੇਚੇ ਜਾਣ ’ਤੇ ਗਮਾਡਾ ਦੀ ਟੀਮ ਨੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ। -ਪੱਤਰ ਪ੍ਰੇਰਕ